ਜੇਐੱਨਐੱਨ, ਲੁਧਿਆਣਾ : ਢੋਲੇਵਾਲ ਇਲਾਕੇ 'ਚ ਅੌਰਤ ਨੇ ਅਣਚਾਹਿਆ ਬੱਚਾ ਪੈਦਾ ਹੋਣ ਤੋਂ ਬਾਅਦ ਸੀਵਰੇਜ ਦੀ ਹੋਦੀ 'ਚ ਸੁੱਟ ਦਿੱਤਾ। ਜਿਵੇਂ ਹੀ ਦੇਰ ਰਾਤ ਇਕ ਦੁਕਾਨਦਾਰ ਘਰ ਆਇਆ ਤਾਂ ਉਸ ਨੇ ਬੱਚੇ ਦੇ ਰੋਣ ਦੀ ਅਵਾਜ਼ ਸੁਣੀ ਤੇ ਨਵਜੰਮੇ ਬੱਚੇ ਨੂੰ ਸੀਵਰੇਜ 'ਚੋਂ ਬਾਹਰ ਕੱਿਢਆ। ਪੁਲਿਸ ਨੇ ਬੱਚੇ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਹੈ। ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ 'ਤੇ ਅਣਪਛਾਤੀ ਅੌਰਤ ਦੇ ਖ਼ਿਲਾਫ਼ ਅਪਰਾਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਅੌਰਤ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਅਮਰਜੀਤ ਸਿੰਘ ਨੇ ਦੱਸਿਆ ਕਿ ਭਗਵਾਨ ਨਗਰ 'ਚ ਲੱਕੀ ਕਰਿਆਨਾ ਸਟੋਰ ਦੇ ਨਾਂਅ ਨਾਲ ਦੁਕਾਨ ਚਲਾਉਂਦਾ ਹੈ। 14 ਅਕਤੂਬਰ ਦੀ ਰਾਤ ਨੂੰ ਉਹ ਦੁਕਾਨ ਬੰਦ ਕਰ ਕੇ ਘਰ ਪਰਤਿਆ ਸੀ। ਜਿਵੇਂ ਹੀ ਉਹ ਘਰ ਦੇ ਗੇਟ 'ਤੇ ਆਇਆ, ਤਾਂ ਉਸ ਨੇ ਬੱਚੇ ਦੇ ਰੋਣ ਦੀ ਅਵਾਜ਼ ਸੁਣੀ। ਉਹ ਅਣਸੁਣੀ ਕਰ ਕੇ ਉੱਥੋਂ ਚਲਾ ਗਿਆ। ਪਰ ਬੱਚੇ ਦੀ ਅਵਾਜ਼ ਲਗਾਤਾਰ ਉਸ ਦੇ ਕੰਨ 'ਚ ਵੱਜ ਰਹੀ ਸੀ। ਜਿਸ ਕਾਰਨ ਉਹ ਬੱਚੇ ਦੀ ਭਾਲ ਕਰਨ ਲੱਗਾ। ਉਸ ਨੂੰ ਅਜਿਹਾ ਕਰਦੇ ਦੇਖ ਕੇ ਹੋਰ ਕਿਰਾਏਦਾਰ ਤੇ ਹੋਰ ਲੋਕ ਵੀ ਬੱਚੇ ਦੀ ਭਾਲ ਕਰਨ ਲੱਗੇ। ਉਹ ਕਾਫ਼ੀ ਸਮੇਂ ਤਕ ਉਸ ਨੂੰ ਇੱਧਰ-ਉੱਧਰ ਲੱਭਦੇ ਰਹੇ। ਇਸੇ ਦੌਰਾਨ ਜਦੋਂ ਘਰ ਦੇ ਬਾਹਰ ਬਣੀ ਸੀਵਰੇਜ ਦੀ ਹੋਦੀ ਖੋਲ੍ਹੀ, ਤਾਂ ਉੱਥੋਂ ਨਵਜੰਮਿਆ ਬੱਚਾ ਬਰਾਮਦ ਹੋ ਗਿਆ। ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਤਾਂ ਅਧਿਕਾਰੀ ਮੌਕੇ 'ਤੇ ਪਹੰੁਚ ਗਏ ਤੇ ਬੱਚੇ ਨੂੰ ਹਿਰਾਸਤ 'ਚ ਲੈ ਕੇ ਸਿਵਲ ਹਸਪਤਾਲ ਪਹੰੁਚਾ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਰਾਮ ਦੇ ਅਨੁਸਾਰ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ। ਪੁਲਿਸ ਇਹ ਰਿਕਾਰਡ ਜਾਂਚ ਰਹੀ ਹੈ ਕਿ ਇਸ ਇਲਾਕੇ 'ਚ ਕਿੰਨੀਆਂ ਅੌਰਤਾਂ ਪਿਛਲੇ ਸਮੇਂ ਦੌਰਾਨ ਗਰਭਵਤੀ ਹੋਈਆਂ ਹਨ ਤੇ ਉਨ੍ਹਾਂ ਦਾ ਇਲਾਜ ਕਿੱਥੇ ਹੋਇਆ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਬੱਚਾ ਕਿਸੇ ਪ੍ਰਵਾਸੀ ਮਜ਼ਦੂਰ ਅੌਰਤ ਦਾ ਹੋ ਸਕਦਾ ਹੈ, ਜੋ ਇਸ ਨੂੰ ਚਾਹੁੰਦੀ ਨਹੀਂ ਸੀ ਤੇ ਉਸ ਵੱਲੋਂ ਬੱਚੇ ਨੂੰ ਕੱਪੜੇ 'ਚ ਲਪੇਟ ਕੇ ਹੋਦੀ 'ਚ ਰੱਖ ਦਿੱਤਾ ਗਿਆ।