ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੱਪੜੇ ਨਾਲ ਗਲਾ ਘੁੱਟ ਕੇ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੰਨਾ ਹੀ ਨਹੀਂ, ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕਾਤਲਾਂ ਨੇ ਪੱਥਰ ਮਾਰ ਕੇ ਉਸ ਦਾ ਚਿਹਰਾ ਵਿਗਾੜਿਆ ਤੇ ਲਾਸ਼ ਮਲਬੇ ਹੇਠ ਦਬਾ ਦਿੱਤੀ। ਜੁਗਿਆਣਾ ਦੇ ਉਜਾੜ ਇਲਾਕੇ 'ਚ ਹੋਈ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸਦੀ ਸ਼ਨਾਖ਼ਤ ਸ਼ੁਰੂ ਕੀਤੀ।

ਜਾਣਕਾਰੀ ਮੁਤਾਬਕ ਜੁਗਿਆਣਾ ਇਲਾਕੇ 'ਚ ਕੁਝ ਬੱਚੇ ਕਿ੍ਕਟ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਬੰਦ ਪਈ ਫੈਕਟਰੀ ਦੇ ਉਜਾੜ ਇਲਾਕੇ 'ਚ ਪਹੰੁਚ ਗਈ। ਗੇਂਦ ਚੁੱਕਣ ਗਏ ਬੱਚੇ ਨੇ ਦੇਖਿਆ ਕਿ ਮਲਬੇ ਥੱਲਿਓਂ ਬਾਂਹ ਬਾਹਰ ਆ ਰਹੀ ਸੀ। ਲੜਕੇ ਨੇ ਇਸਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਤਕ ਪਹੁੰਚ ਗਿਆ। ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪੁੱਜੀ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਮਲਬਾ ਹਟਾ ਕੇ ਜਦ ਲਾਸ਼ ਥੱਲਿਓਂ ਚੁੱਕੀ ਤਾਂ ਸਾਫ਼ ਹੋ ਗਿਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਮਿ੍ਤਕ ਦੇ ਗਲੇ 'ਚ ਕੱਪੜਾ ਦੇਖ ਕੇ ਸਾਫ ਹੋ ਰਿਹਾ ਸੀ ਕਿ ਗਲਾ ਦਬਾ ਕੇ ਉਸਦੀ ਹੱਤਿਆ ਕੀਤੀ ਗਈ ਸੀ। ਮਿ੍ਤਕ ਦੀ ਸ਼ਨਾਖ਼ਤ ਛੁਪਾਉਣ ਲਈ ਕਾਤਲਾਂ ਨੇ ਪੱਥਰ ਮਾਰ ਕੇ ਚਿਹਰਾ ਬੁਰੀ ਤਰ੍ਹਾਂ ਕੁਚਲ ਕੇ ਲਾਸ਼ ਨੂੰ ਮਲਬੇ ਹੇਠਾਂ ਦੱਬ ਦਿੱਤਾ। ਥਾਣਾ ਸਾਹਨੇਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਨੇ ਨੀਲੇ ਰੰਗ ਦੀ ਪੈਂਟ ਤੇ ਨੀਲੀ ਕਮੀਜ਼ ਪਾਈ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤਾ ਹੈ। ਥਾਣਾ ਸਾਹਨੇਵਾਲ ਦੇ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਮਿ੍ਤਕ ਦੀ ਸ਼ਨਾਖਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਏਗੀ। ਲਾਸ਼ ਦੀ ਸ਼ਨਾਖ਼ਤ ਲਈ ਆਲੇ-ਦੁਆਲੇ ਦੇ ਇਲਾਕਿਆਂ 'ਚੋਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਮੁਤਾਬਕ ਇਹ ਮਾਮਲਾ ਜਲਦ ਹੱਲ ਕਰ ਲਿਆ ਜਾਵੇਗਾ।