ਕੁਲਵਿੰਦਰ ਸਿੰਘ ਰਾਏ, ਖੰਨਾ : ਕਾਂਗਰਸ ਸਰਕਾਰ 'ਚ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਸਰਗਰਮੀ ਵਧਾ ਦਿੱਤੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਸੋਮਵਾਰ ਨੂੰ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ, ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਨੇ ਕਾਂਗਰਸੀ ਆਗੂਆਂ ਦੇ ਸਾਹਮਣੇ ਹੀ ਕਾਂਗਰਸ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ।

ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਤੇ ਸਾਫ਼ ਕਿਹਾ ਕਿ ਮੰਡੀਆਂ ਦੀ ਮਾੜੀ ਹਾਲਤ ਲਈ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਸਰਕਾਰੀ ਬੱਸਾਂ 'ਚ ਔਰਤਾਂ ਲਈ ਮੁਫ਼ਤ ਸਫ਼ਰ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਅਦਾਰੇ ਨੂੰ ਵੀ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਮੁਫ਼ਤ ਸਹੂਲਤਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਹੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੈ।

ਨਵਜੋਤ ਕੌਰ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਦੋ ਸਾਲ ਤੋਂ ਹੀ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਦੀ ਗੱਲ ਕਰ ਰਹੀ ਸੀ ਤਾਂ ਪੰਜਾਬ ਸਰਕਾਰ ਨੇ ਹਾਲਾਤ ਵੇਖਦੇ ਹੋਏ ਇਸਦੀ ਤਿਆਰੀ ਕਿਉਂ ਨਹੀਂ ਕੀਤੀ। ਉਨ੍ਹਾਂ ਆੜ੍ਹਤੀਆਂ 'ਤੇ ਅਸਿੱਧੇ ਰੂਪ ਨਾਲ ਹਮਲਾ ਕਰਦੇ ਹੋਏ ਕਿਹਾ ਕਿ ਹੇਠੋਂ ਉੱਤੇ ਤੱਕ ਸੱਤ ਤਰ੍ਹਾਂ ਦੇ ਕਮਿਸ਼ਨ ਏਜੰਟ ਹਨ ਜੋ ਹਰ ਵਰਗ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਦੇ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਯਾਦਵਿੰਦਰ ਸਿੰਘ ਲਿਬੜਾ ਜਨਰਲ ਸਕੱਤਰ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਸ਼ਸ਼ੀ ਵਰਧਨ, ਰਮਨਦੀਪ ਸਿੰਘ ਰੰਧਾਵਾ ਤੇ ਅਨਿਲ ਸ਼ੁਕਲਾ ਹਾਜ਼ਰ ਸਨ।

ਦੋਸ਼ੀ ਨੂੰ ਨਾ ਫੜਨਾ ਸਰਕਾਰ ਦੀ ਨਾਲਾਇਕੀ

ਨਵਜੋਤ ਕੌਰ ਨੇ ਬਰਗਾੜੀ ਕਾਂਡ 'ਚ ਐੱਸਆਈਟੀ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ। ਕੁੰਵਰ ਵਿਜੈ ਪ੍ਰਤਾਪ 'ਤੇ ਕੋਈ ਟਿੱਪਣੀ ਕਰਨ ਤੋਂ ਮਨਾ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਅਧੂਰੀ ਰਿਪੋਰਟ ਹਾਈਕੋਰਟ 'ਚ ਪੇਸ਼ ਕੀਤੀ ਗਈ। ਜਿਸ ਤੋਂ ਲੱਗਦਾ ਹੈ ਕਿ ਸਰਕਾਰ ਕੇਸ ਦਾ ਹੱਲ ਨਹੀਂ ਸਗੋਂ ਕੇਸ ਖ਼ਤਮ ਕਰਨਾ ਚਾਹੁੰਦੀ ਹੈ। ਦੋਸ਼ੀ ਨਾ ਫੜਨਾ ਸਰਕਾਰ ਦੀ ਨਾਲਾਇਕੀ ਹੈ। ਇਹ ਗੰਭੀਰ ਮਸਲਾ ਹੈ ਤੇ ਕਾਂਗਰਸ ਨੂੰ ਲੋਕ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਵਿਧਾਇਕ ਦੇਣ ਆਪਣੀ ਮਹੀਨਾਵਾਰ ਰਿਪੋਰਟ

ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਵਿਧਾਇਕ ਆਪਣੀ ਮਹੀਨਾਵਾਰ ਰਿਪੋਰਟ ਜਨਤਕ ਤੌਰ 'ਤੇ ਲੋਕਾਂ ਦੇ ਸਾਹਮਣੇ ਰੱਖਣ ਤਾਂ ਜੋ ਲੋਕਾਂ ਨੂੰ ਵੀ ਅਸਲੀਅਤ ਦਾ ਪਤਾ ਚੱਲੇਗਾ ਕਿ ਉਨ੍ਹਾਂ ਦਾ ਉਮੀਦਵਾਰ ਉਨ੍ਹਾਂ ਲਈ ਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ 'ਤੇ ਜੇ 100 ਰੁਪਏ ਲਾਏ ਜਾਂਦੇ ਹਨ ਤਾਂ ਅਸਲ 'ਚ ਉਸ ਕੰਮ 'ਤੇ ਸਿਰਫ 30 ਰੁਪਏ ਹੀ ਲੱਗਦੇ ਹਨ।

ਸਰਕਾਰ ਦੇ ਚਹੇਤਿਆਂ ਕੋਲ ਲਿਫਟਿੰਗ ਦਾ ਕੰਮ

ਮੰਡੀਆਂ 'ਚ ਲਿਫਟਿੰਗ ਦੀ ਸਮੱਸਿਆ 'ਤੇ ਵੀ ਨਵਜੋਤ ਕੌਰ ਖੁੱਲ੍ਹ ਕੇ ਬੋਲੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਸਿਆਸੀ ਆਗੂਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਲਿਫਟਿੰਗ ਤੇ ਲੇਬਰ ਦੇ ਠੇਕੇ ਦਵਾ ਦਿੱਤੇ ਹਨ। ਜਿਸ ਨਾਲ ਸਾਰੇ ਸਿਸਟਮ 'ਚ ਗੜਬੜੀ ਹੋਈ। ਲਿਫਟਿੰਗ ਦਾ ਕੰਮ ਵੀ ਤਾਂ ਕਰਕੇ ਹੀ ਲਟਕਿਆ ਹੋਇਆ ਹੈ। ਆੜ੍ਹਤੀ ਵੀ ਸਿਆਸੀ ਆਗੂਆਂ ਸਾਹਮਣੇ ਮਜਬੂਰੀਵਸ ਚੁੱਪ ਹਨ।