ਸੰਜੀਵ ਗੁਪਤਾ, ਜਗਰਾਓਂ

ਦੇਸ਼ ਦੁਨੀਆਂ ਨੂੰ ਕੋਰੋਨਾ ਦੇ ਕਹਿਰ ਤੋਂ ਸੁਰੱਖਿਅਤ ਕਰਨ ਲਈ ਦੇਸ਼ ਅਤੇ ਵਿਦੇਸ਼ਾਂ ਵਿਚ ਬੈਠੇ ਇੱਕ ਕਰੋੜ ਅੱਠ ਹਜ਼ਾਰ ਸ਼ਰਧਾਲੂ ਮਹਾਂ ਮਿ੍ਤੂਜੈਅ ਹਵਨ ਯੱਗ ਨਾਲ ਜੁੜਣਗੇ। ਇਸ ਹਵਨ ਯੱਗ ਲਈ ਸ਼੍ਰੀ ਪੰਚਦਸ ਨਾਮ ਜੂਨਾ ਅਖਾੜਾ ਦੇ ਸ਼੍ਰੀ ਮਹੰਤ ਪੰਚਾ ਨੰਦ ਗਿਰੀ ਜੀ ਵੱਲੋਂ 'ਨੰਦ ਨਾਰ' ਐਪ ਲਾਂਚ ਕੀਤੀ ਗਈ। ਇਸ ਐਪ ਦੀ ਖਾਸੀਅਤ ਕੰਪਿਊਟਰ ਦੇ ਇੱਕ ਕਲਿੱਕ 'ਤੇ ਸਨਾਤਨ ਧਰਮ ਦੀ ਗਾਥਾ, ਜਾਣਕਾਰੀ ਪ੍ਰਰਾਪਤ ਹੋਵੇਗੀ। ਇਹ ਹਵਨ ਯੱਗ 29 ਜੁਲਾਈ ਨੂੰ ਸ਼੍ਰੀ ਸ਼੍ਰੀ ਪੰਚ ਦੇਵ ਧਾਮ ਅੌਰੰਗਾਬਾਦ ਵਿਖੇ ਹੋਵੇਗਾ। ਇਹ ਐਪ ਲਾਂਚ ਕਰਦਿਆਂ ਸ਼੍ਰੀ ਮਹੰਤ ਪੰਚਾ ਨੰਦ ਗਿਰੀ ਜੀ ਨੇ ਕਿਹਾ ਕਿ ਅੱਜ ਦੇਸ਼, ਦੁਨੀਆਂ ਕੋਰੋਨਾ ਦੇ ਕਹਿਰ ਦੇ ਦੌਰ ਵਿਚੋਂ ਲੰਘ ਰਹੀ ਹੈ। ਦੁਨੀਆਂ ਨੂੰ ਇਸ ਕਹਿਰ ਤੋਂ ਮੁਕਤ ਕਰਾਉਣ ਲਈ ਇੱਕ ਕਰੋੜ ਅੱਠ ਲੱਖ ਸ਼ਰਧਾਲੂ ਇੱਕੋ ਸਮੇਂ ਐਪ ਰਾਹੀਂ ਇਕੱਠੇ ਹੋ ਕੇ ਮਹਾਂ ਮਿ੍ਤੂਜੈਅ ਯੱਗ ਨਾਲ ਜੁੜਦੇ ਹੋਏ ਕੋਰੋਨਾ ਖਾਤਮੇ ਲਈ ਅਹੂਤੀਆਂ ਦੇ ਨਾਲ ਅਰਦਾਸ ਕਰਨਗੇ। ਉਨ੍ਹਾਂ ਪਾਠ ਦੀ ਮਹੱਤਤਾ ਦੀ ਗੱਲ ਕਰਦਿਆਂ ਕਿਹਾ ਕਿ ਦੁਨੀਆਂ ਦੀ ਤਾਕਤ ਅਮਰੀਕਾ ਦੇ ਵਾਈਟ ਹਾਊਸ 'ਚ ਵੀ ਇਹ ਪਾਠ ਹੋਇਆ। ਉਨ੍ਹਾਂ ਇਸ ਐਪ ਦੀ ਮਹੱਤਤਾ 'ਤੇ ਰੌਸ਼ਨੀ ਪਾਉਂਦਿਆਂ ਅੱਜ ਜਦੋਂ ਦੁਨੀਆਂ ਮਸ਼ੀਨੀ ਦੌਰ 'ਚ ਭੱਜ ਰਹੀ ਹੈ, ਅਜਿਹੇ ਵਿਚ ਉਹ ਕਿਸੇ ਵੀ ਸਮੇਂ ਕਿਤੇ ਵੀ ਸਨਾਤਨ ਧਰਮ ਜਾਣਕਾਰੀ ਅਤੇ ਨਾਮ ਸਿਮਰਨ ਰਾਹੀਂ ਪ੍ਰਮਾਤਮਾ ਨਾਲ ਜੁੜ ਸਕਣਗੇ। ਇਸ ਮੌਕੇ ਬਾਬਾ ਮਹੇਸ਼ਗਿਰੀ, ਸ਼ਿਵਾਲਾ ਸੀਤਾ ਰਾਮ ਜਗਰਾਓਂ, ਸੁਰਿੰਦਰ ਖੰਨਾ, ਭੂਸ਼ਣ ਕੁਮਾਰ ਆਦਿ ਹਾਜ਼ਰ ਸਨ।