ਕੁਲਵਿੰਦਰ ਸਿੰਘ ਰਾਏ, ਖੰਨਾ

ਸ਼ਹਿਰ ਦੀ ਐਜੂਕੇਸ਼ਨ ਹੱਬ ਵਜੋਂ ਜਾਣੀ ਜਾਂਦੀ ਜੀਟੀਬੀ ਮਾਰਕੀਟ ਖੰਨਾ ਵਿਖੇ ਨਗਰ ਸੁਧਾਰ ਟਰੱਸਟ ਖੰਨਾ ਵੱਲੋਂ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਦੇ ਆਦੇਸ਼ਾਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੱਡੀ ਪੱਧਰ 'ਤੇ ਕਾਰਵਾਈ ਕੀਤੀ। ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਹ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਜੀਟੀਬੀ ਮਾਰਕੀਟ 'ਚ ਸਥਿਤ ਇਕ ਕੌਂਸਲਰ ਦੀ ਇਮਾਰਤ ਨੂੰ ਵੀ ਨਹੀਂ ਬਖ਼ਸਿਆ। ਨਗਰ ਸੁਧਾਰ ਟਰੱਸਟ ਦੀ ਟੀਮ ਦੀ ਅਗਵਾਈ ਐੱਸਡੀੱਓ ਅੰਮਿ੍ਤਪਾਲ ਸਿੰਘ ਦੇ ਨਾਲ ਟੀਆਈ ਗੁਰਮੇਲ ਸਿੰਘ, ਜੇਈ ਦਿਲਵੀਰ ਸਿੰਘ, ਵਿਮਲ ਕੁਮਾਰ, ਜਸਵੀਰ ਸਿੰਘ, ਗੁਰਮੁੱਖ ਸਿੰਘ, ਹੈਪੀ ਆਦਿ ਮੌਜੂਦ ਸਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਕਾਬੂ ਕਰਨ ਲਈ ਥਾਣਾ ਸਿਟੀ-2 ਦੇ ਮੁਖੀ ਕੁਲਜਿੰਦਰ ਸਿੰਘ ਵੀ ਆਪਣੀ ਪੁਲਿਸ ਟੀਮ ਸਮੇਤ ਮੌਜੂਦ ਸਨ।

---------

ਲੱਖਾਂ ਦੀ ਕਮਾਈ 'ਚ ਸਰਕਾਰ ਨੂੰ ਨਹੀਂ ਸੀ ਆਮਦਨ

ਦੱਸਣਯੋਗ ਹੈ ਕਿ ਜੀਟੀਬੀ ਮਾਰਕੀਟ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਸੀ ਤੇ ਗ਼ੈਰਕਨੂੰਨੀ ਢੰਗ ਨਾਲ ਹੋਰਡਿੰਗਜ਼ ਲੱਗੇ ਹੋਏ ਸਨ। ਜਿੰਨ੍ਹਾਂ ਤੋਂ ਸ਼ਹਿਰ ਦਾ ਭੂ ਮਾਫੀਆਂ ਲੱਖਾਂ ਰੁਪਏ ਮਹੀਨਾ ਕਮਾਈ ਕਰਦਾ ਸੀ। ਜਿਸ ਨਾਲ ਸਰਕਾਰ ਨੂੰ ਕੋਈ ਆਮਦਨ ਨਹੀਂ ਸੀ। ਇਹ ਕਾਲੀ ਕਮਾਈ ਕੁਝ ਲੋਕਾਂ ਦੀ ਜ਼ੇਬ 'ਚ ਜਾਂਦੀ ਸੀ। ਨਗਰ ਸੁਧਾਰ ਟਰੱਸਟ ਨੂੰ ਇਸ ਸਬੰਧੀ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਵੱਲੋਂ ਲਗਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਰਵਾਈ ਆਰੰਭ ਕੀਤੀ।

-----------

ਗ਼ਲਤ ਉਸਾਰੀ ਢਾਹੀ ਤੇ ਹੋਰਡਿੰਗਜ਼ ਉਤਾਰੇ

ਟਰੱਸਟ ਦੀ ਟੀਮ ਵੱਲੋਂ ਬੱਸ ਅੱਡੇ ਵਾਲੇ ਪਾਸੇ ਤੋਂ ਕਾਰਵਾਈ ਸ਼ੁਰੂ ਕੀਤੀ। ਜਿੱਥੇ ਨਾਜਾਇਜ਼ ਪੱਕਾ ਦੁਕਾਨ ਬਣਾ ਕੇ ਫ਼ਲ ਫਰੂਟ ਦੇ ਕੰਮ ਕਰਨ ਵਾਲੇ ਦੀ ਦੁਕਾਨ ਨੂੰ ਜੇਸੀਬੀ ਨਾਲ ਢਾਹਿਆ ਗਿਆ। ਿਫ਼ਰ ਇਸਦੇ ਨਾਲ ਲੱਗਦੀ ਇਮਾਰਤ 'ਤੇ ਕਾਰਵਾਈ ਕੀਤੀ ਗਈ। ਜਿਸ ਵੱਲੋਂ ਗ਼ਲਤ ਢੰਗ ਨਾਲ ਲਗਾਏ ਏਅਰ ਕੂਲਰ 'ਤੇ ਵੀ ਜੇਸੀਬੀ ਦਾ ਪੀਲਾ ਪੰਜਾ ਚੱਲਿਆ। ਇਸ ਬਾਅਦ ਮਾਰਕੀਟ ਦੇ ਅੰਦਰ ਲੱਗੇ ਨਜਾਇਜ਼ ਹੋਰਡਿੰਗਜ ਨੂੰ ਉਤਾਰਿਆ ਗਿਆ। ਥਾਂ-ਥਾਂ ਲੱਗੇ ਹੋਰਡਿੰਗਜ਼ ਤੇ ਇਸ਼ਤਿਹਾਰੀ ਬੋਰਡਾਂ ਨਾਲ ਲੋਕਾਂ ਦਾ ਲੰਘਣਾ ਮੁਹਾਲ ਹੁੰਦਾ ਸੀ। ਇਸ ਦੌਰਾਨ ਇੱਕ ਦੁਕਾਨਦਾਰ ਵੱਲੋਂ ਵਿਰੋਧ ਕੀਤਾ ਗਿਆ। ਉਹ ਆਪਣੀ ਦੁਕਾਨ ਅੱਗੇ ਥਮਲਿਆਂ 'ਤੇ ਕੀਤੀ ਗਈ ਇਸ਼ਤਿਹਾਰਬਾਜੀ ਨੂੰ ਉਤਾਰਨ ਤੋਂ ਮਨਾਂ ਕਰ ਰਿਹਾ ਸੀ, ਰਿ ਐੱਸਡੀਓ ਅੰਮਿ੍ਤਪਾਲ ਸਿੰਘ ਨੇ ਸਾਰਿਆਂ 'ਤੇ ਬਰਾਬਰ ਕਰਵਾਈ ਕਰਨ ਦੀ ਗੱਲ ਆਖ ਕੇ ਦੁਕਾਨਦਾਰ ਦੀ ਨਹੀਂ ਸੁਣੀ।

----------

ਖੜਕਦੇ ਰਹੇ ਫ਼ੋਨ, ਕਿਸੇ ਦੀ ਮੰਨੀ

ਨਗਰ ਸੁਧਾਰ ਟਰੱਸਟ ਖੰਨਾ ਦੀ ਟੀਮ ਕਾਰਵਾਈ 'ਚ ਲੱਗੀ ਹੋਈ ਸੀ ਤੇ ਦੂਜੇ ਪਾਸੇ ਗੁਰਮਿੰਦਰ ਸਿੰਘ ਲਾਲੀ ਨੂੰ ਕਾਰਵਾਈ ਤੋਂ ਬਚਣ ਲਈ ਫੋਨ ਖੜਕਦੇ ਰਹੇ ਪਰ ਲਾਲੀ ਕਿਸੇ ਦੀ ਨਹੀਂ ਮੰਨੀ ਨਾ ਹੀ ਕਿਸੇ ਨੂੰ ਕੋਈ ਰਾਹਤ ਦੇਣ ਦਾ ਵਾਅਦਾ ਕੀਤਾ, ਜਿਸ ਕਰਕੇ ਮੰਗਲਵਾਰ ਨੂੰ ਲਾਲੀ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਹਿਰ 'ਚ ਚਰਚਾ ਹੁੰਦੀ ਰਹੀ ਤੇ ਲੋਕਾਂ ਵੱਲੋਂ ਲਾਲੀ ਦੇ ਫੈਸਲੇ ਦੇ ਸਲਾਘਾ ਕੀਤੀ ਗਈ।

--------

ਸ਼ਿਕਾਇਤਾਂ ਤੋਂ ਬਾਅਦ ਹੋਈ ਕਾਰਵਾਈ : ਐੱਸਡੀਓ

ਐੱਸਡੀਓ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਟਰੱਸਟ ਨੂੰ ਮਾਰਕੀਟ 'ਚ ਗ਼ੈਰਕਾਨੂੰਨੀ ਹੋਰਡਿੰਗਜ਼ ਤੇ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਕਰਕੇ ਅੱਜ ਦੀ ਕਾਰਵਾਈ ਕੀਤੀ ਗਈ।

--------

ਪਹਿਲਾਂ ਦਿੱਤੀ ਗਈ ਸੀ ਚਿਤਾਵਨੀ : ਚੇਅਰਮੈਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਕਿਹਾ ਕਿ ਉਲਘੰਣਾ ਕਰਨ ਵਾਲਿਆਂ ਨੂੰ ਪਹਿਲਾਂ ਮੁਨਿਆਦੀ ਕਰਵਾ ਕੇ ਚਿਤਾਵਨੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਕਾਰਵਾਈ ਕੀਤੀ ਗਈ। ਇਹ ਕਾਰਵਾਈ ਬਗ਼ੈਰ ਪੱਖਪਾਤ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਕੀਤੀ ਗਈ। ਉਨ੍ਹਾਂ ਜਨਰੇਟਰ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਰੇਟਰ ਅੰਦਰ ਆਪਣੀ ਥਾਂ 'ਚ ਰੱਖਣ, ਜਿੰਨ੍ਹਾਂ ਨੂੰ ਕੁਝ ਦਿਨਾਂ ਦੀ ਮੋਹਲਤ ਦਿੱਤੀ ਜਾਵੇਗੀ। ਇਸ ਮਗਰੋਂ ਕਾਰਵਾਈ ਕੀਤੀ ਜਾਵੇਗੀ। ਲਾਲੀ ਨੇ ਕਿਹਾ ਕਿ ਦੁਕਾਨਾਂ 'ਤੇ ਲੱਗੇ ਬੋਰਡ ਦੀ ਕਾਇਦੇ-ਨਿਯਮਾਂ ਅਨੁਸਾਰ ਹੀ ਲਗਾਉਣ ਦਿੱਤੇ ਜਾਣਗੇ। ਇਸ ਮੌਕੇ ਈਓ ਕੁਲਜੀਤ ਕੌਰ, ਐੱਸਡੀਓ ਅੰਮਿ੍ਤਪਾਲ ਸਿੰਘ ਤੇ ਗੁਰਮੇਲ ਸਿੰਘ ਹਾਜ਼ਰ ਸਨ।

--------

ਡਰ ਦੇ ਕਾਰਨ ਮੰਜਾ ਮਾਰਕੀਟ ਰਹੀ ਬੰਦ

ਨਗਰ ਸੁਧਾਰ ਟਰੱਸਟ ਵੱਲੋਂ ਮੰਗਲਵਾਰ ਨੂੰ ਜੀਟੀਬੀ ਮਾਰਕੀਟ ਦੇ ਨਾਲ ਮੰਜਾ ਮਾਰਕੀਟ 'ਤੇ ਵੀ ਕਾਰਵਾਈ ਕੀਤੀ ਜਾਣੀ ਸੀ। ਟਰੱਸਟ ਵੱਲੋਂ ਪਹਿਲਾਂ ਜੀਟੀਬੀ ਮਾਰਕੀਟ ਤੋਂ ਮੁਹਿੰਮ ਸ਼ੁਰੂ ਕੀਤੀ। ਇਸ ਦੀ ਭਿਣਕ ਜਦੋਂ ਮੰਜਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਪਈ ਤਾਂ ਉਨ੍ਹਾਂ ਨੇ ਡਰ ਦੇ ਕਾਰਨ ਬਾਹਰ ਅਪਣੀ ਰੇਹੜੀਆਂ-ਫੜ੍ਹੀਆਂ ਹੀ ਨਹੀਂ ਲਗਾਈਆਂ, ਜਿਸ ਨਾਲ ਬੱਸ ਅੱਡੇ ਤੋਂ ਲਲਹੇੜੀ ਚੌਂਕ ਟ੍ਰੈਿਫ਼ਕ ਦੀ ਸਮੱਸਿਆ ਠੀਕ ਰਹੀ।