ਸਤਵਿੰਦਰ ਸ਼ਰਮਾ, ਲੁਧਿਆਣਾ

ਬੀਤੇ ਦਿਨ ਪਾਬੰਦੀ ਵਾਲੇ ਇਲਾਕੇ 'ਚ ਰਾਜਨ ਰੀਅਲ ਅਸਟੇਟ ਦੇ ਨਾਮ 'ਤੇ ਵਿਕਸਤ ਕੀਤੀ ਜਾ ਰਹੀ ਨਾਜਾਇਜ਼ ਕਾਲੋਨੀ ਖ਼ਿਲਾਫ਼ ਕਾਰਵਾਈ ਕਰਨ ਗਈ ਨਗਰ ਨਿਗਮ ਜ਼ੋਨ-ਬੀ ਦੀ ਟੀਮ 'ਤੇ ਹਮਲਾ ਕਰਨ ਵਾਲੇ ਕਾਲੋਨਾਈਜ਼ਰ ਗੁਰਨਾਮ ਸਿੰਘ ਦੀ ਗਿ੍ਫ਼ਤਾਰੀ ਲਈ ਵੀਰਵਾਰ ਨੂੰ ਨਗਰ ਨਿਗਮ ਦਾ ਪੂਰਾ ਸਟਾਫ ਹੜਤਾਲ 'ਤੇ ਰਿਹਾ ਇਸ ਦੌਰਾਨ ਚਾਰੋਂ ਜ਼ੋਨਾਂ ਦੀਆਂ ਸਾਰੀਆਂ ਬ੍ਾਂਚਾ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਆਪਣੇ-ਆਪਣੇ ਜ਼ੋਨਲ ਦਫਤਰਾਂ ਦੇ ਬਾਹਰ ਧਰਨੇ ਦਿੱਤੇ ਜਦਕਿ ਦੂਜੇ ਪਾਸੇ ਨਾਜਾਇਜ਼ ਕਾਲੋਨੀ ਵਾਲੇ ਦੇ ਹਮਲੇ ਦਾ ਸ਼ਿਕਾਰ ਹੋਏ ਜੋਨ ਬੀ ਦੇ ਮੁਲਾਜ਼ਮਾਂ ਦੇ ਹੱਕ 'ਚ ਉਤਾਰੇ ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਪੀੜ੍ਹਤ ਮੁਲਾਜ਼ਮਾਂ ਨੂੰ ਨਾਲ ਲੈਕੇ ਮੇਅਰ ਬਲਕਾਰ ਸਿੰਘ ਸੰਧੂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਈਅਮ ਅਗਰਵਾਲ ਨਾਲ ਮੁਲਾਕਾਤ ਕਰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਹਮਲਾ ਕਰਨ ਵਾਲੇ ਗੁਰਨਾਮ ਸਿੰਘ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗਿ੍ਫਤਾਰ ਕਰਨ ਦੀ ਮੰਗ ਕੀਤੀ।

ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਨਗਰ-ਨਿਗਮ ਜ਼ੋਨ-ਬੀ ਦੀ ਬਿਲਡਿੰਗ ਬ੍ਾਂਚ ਦੀ ਟੀਮ ਏਟੀਪੀ ਰਾਜ ਕੁਮਾਰ ਦੀ ਅਗਵਾਈ 'ਚ ਤਾਜਪੁਰ ਰੋਡ ਸਥਿਤ ਮੁੱਖ ਕੂੜਾ ਡੰਪ ਦੇ ਸਾਹਮਣੇ ਵਿਕਸਤ ਕੀਤੀ ਜਾ ਰਹੀ ਨਾਜਾਇਜ਼ ਕਾਲੋਨੀ ਰਾਜਨ ਅਸਟੇਟ 'ਚ ਬਣ ਰਹੀਆਂ ਬਿਲਡਿੰਗਾਂ 'ਤੇ ਕਾਰਵਾਈ ਕਰਨ ਲਈ ਪੁੱਜੀ ਜਿਵੇਂ ਹੀ ਟੀਮ ਨੇ ਉਸਾਰੀ ਅਧੀਨ ਬਿਲਡਿੰਗਾਂ 'ਤੇ ਕਾਰਵਾਈ ਸ਼ੁਰੂ ਕੀਤੀ ਤਾਂ ਮੌਕੇ 'ਤੇ ਮੌਜੂਦ ਕਾਲੋਨਾਈਜ਼ਰ ਦੇ ਕਰਿੰਦਿਆਂ ਨੇ ਟੀਮ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਨਾਜਾਇਜ਼ ਕਾਲੋਨੀ ਵਿਕਸਤ ਕਰਨ ਵਾਲੇ ਗੁਰਨਾਮ ਸਿੰਘ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਟੀਮ ਕਾਰਵਾਈ ਕਰ ਗੱਡੀਆਂ 'ਚ ਬੈਠ ਦੂਸਰੀ ਜਗ੍ਹਾ ਕਾਰਵਾਈ ਲਈ ਚੱਲ ਪਈ। ਇਸ ਦੌਰਾਨ ਕਾਲੋਨੀ 'ਚ ਬਾਹਰ ਨਿਕਲਦੇ ਹੀ ਗੁਰਨਾਮ ਸਿੰਘ ਨੇ ਗਾਲਾਂ ਕੱਢਦੇ ਹੋਏ ਟੀਮ ਦੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਗੱਡੀਆਂ ਨਾ ਰੁਕੀਆਂ ਤਾਂ ਉਸ ਨੇ ਆਪਣੀ ਫੋਰਡ ਇਡੈਂਵਰ ਗੱਡੀ ਨਾਲ ਟੀਮ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਸ ਬਰੀਜਾਂ ਗੱਡੀ 'ਚ ਏਟੀਪੀ ਰਾਜ ਕੁਮਾਰ, ਐੱਚਡੀਐੱਮ ਦਵਿੰਦਰ ਸਿੰਘ ਤੇ ਬਿਲਡਿੰਗ ਇੰਸਪੈਕਟਰ ਕਸ਼ਿਸ਼ ਗਰਗ ਬੈਠੇ ਸਨ ਉਸ ਨੂੰ ਪਿੱਛੇ ਤੋਂ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਗੱਡੀ 'ਚ ਬੈਠੇ ਬਿਲਡਿੰਗ ਬ੍ਾਂਚ ਦੇ ਮੁਲਾਜ਼ਮਾਂ ਸਮੇਤ ਇਕ ਰੇਹੜੀ ਵਾਲਾ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਪਰ ਇਸ ਨਾਲ ਵੀ ਗੁਰਨਾਮ ਤੇ ਸਾਥੀਆਂ ਦਾ ਦਿਲ ਨਾ ਭਰਿਆ ਤਾਂ ਉਸ ਨੇ ਪਲਾਂਟ 'ਚ ਜਾਕੇ ਰੁਕੀ ਟੀਮ ਦੀ ਗੱਡੀ 'ਚੋਂ ਲੜਕੀ ਬਿਲਡਿੰਗ ਇੰਸਪੈਕਟਰ ਕਸ਼ਿਸ਼ ਗਰਗ ਨੂੰ ਕੱਪੜਿਆਂ ਤੋਂ ਖਿੱਚ ਕੇ ਗੱਡੀ 'ਚ ਬਾਹਰ ਕੱਢ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਬਿਲਡਿੰਗ ਇੰਸਪੈਕਟਰ ਨੇ ਦੋਸ਼ ਲਗਾਇਆ ਕਿ ਗੁਰਨਾਮ ਨੇ ਉਸ ਨਾਲ ਧੱਕਾ ਮੁੱਕੀ ਤੇ ਥੱਪੜ ਹੀ ਨਹੀਂ ਸਗੋਂ ਉਸ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਜਦ ਉਸ ਦੇ ਸਾਥੀ ਮੁਲਾਜ਼ਮਾਂ ਨੇ ਉਸ ਨੂੰ ਛੁਡਾਇਆ ਤਾਂ ਗੁਰਨਾਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਫਰਾਰ ਹੋ ਗਿਆ।

ਇਸ ਮਾਮਲੇ ਬਾਰੇ ਜਿਵੇਂ ਹੀ ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨੂੰ ਜਾਣਕਾਰੀ ਮਿਲੀ ਤਾਂ ਕਮੇਟੀ ਦੇ ਸਮੂਹ ਅਹੁਦੇਦਾਰ ਚੇਅਰਮੈਨ ਐੱਮਐੱਮਈ ਜਸਦੇਵ ਸਿੰਘ ਸੇਖੋਂ, ਚੇਅਰਮੈਨ ਅਸ਼ਵਨੀ ਸਹੋਤਾ, ਪ੍ਰਧਾਨ ਸੁਨੀਲ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਬੀਤੇ ਕੱਲ੍ਹ ਹੀ ਨਾਜਾਇਜ਼ ਕਾਲੋਨੀ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਵਾਉਣ ਤੋਂ ਬਾਅਦ ਕਾਲੋਨਾਈਜ਼ਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਅੱਜ ਨਗਰ-ਨਿਗਮ ਦੇ ਅਫਸਰ ਤੇ ਮੁਲਾਜ਼ਮ ਵਿਰੋਧ ਵਜੋਂ ਹੜਤਾਲ 'ਤੇ ਚਲੇ ਗਏ। ਇਸ ਦੌਰਾਨ ਚਾਰੋਂ ਜ਼ੋਨਾਂ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਆਪਣੇ-ਆਪਣੇ ਜ਼ੋਨਲ ਦਫਤਰ ਦੇ ਬਾਹਰ ਧਰਨਾ ਲਗਾਇਆ ਜਦ ਕਿ ਬਿਲਡਿੰਗ ਬ੍ਾਂਚ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਐੱਮਟੀਪੀ ਮੋਨਿਕਾ ਅਨੰਦ ਤੇ ਏਟੀਪੀ ਹੈੱਡਕਵਾਟਰ ਸੁਰਿੰਦਰ ਸਿੰਘ ਬਿੰਦਰਾ ਦੀ ਅਗਵਾਈ 'ਚ ਜ਼ੋਨ-ਡੀ ਦੇ ਬਾਹਰ ਧਰਨਾ ਲਗਾਇਆ।

ਓਧਰ ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਪੀੜ੍ਹਤ ਮੁਲਾਜ਼ਮ ਕਸ਼ਿਸ਼ ਗਰਗ ਨੂੰ ਨਾਲ ਲੈਕੇ ਮੇਅਰ ਬਲਕਾਰ ਸਿੰਘ ਸੰਧੂ, ਵਧੀਕ ਕਮਿਸ਼ਨਰ ਸਈਅਮ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨਾਲ ਮੁਲਾਕਾਤ ਕਰ ਹਮਲਾ ਕਰਨ ਵਾਲਿਆਂ ਦੀ ਗਿ੍ਫਤਾਰੀ ਦੀ ਮੰਗ ਕੀਤੀ ਜਿਸ ਤੇ ਪੁਲਿਸ ਕਮਿਸ਼ਨਰ ਡਾ. ਗਿੱਲ ਨੇ ਜਲਦ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਧਰਨੇ 'ਚ ਐੱਮਟੀਪੀ ਮੋਨਿਕਾ ਆਨੰਦ, ਏਟੀਪੀ ਹੈੱਡਕਵਾਟਰ ਸੁਰਿੰਦਰ ਸਿੰਘ ਬਿੰਦਰਾ, ਏਟੀਪੀ ਵਿਜੈ ਕੁਮਾਰ, ਏਟੀਪੀ ਹਰਵਿੰਦਰ ਸਿੰਘ ਹਨੀ ਥਾਂਦੀ, ਏਟੀਪੀ ਮੋਹਨ ਸਿੰਘ, ਏਟੀਪੀ ਰਾਜ ਕੁਮਾਰ ਤੋਂ ਇਲਾਵਾ ਬਿਲਡਿੰਗ ਬ੍ਾਂਚ ਸਮੇਤ ਸਮੂਹ ਬ੍ਾਂਚਾ ਦੇ ਅਫ਼ਸਰ ਤੇ ਮੁਲਾਜ਼ਮ ਹਾਜ਼ਰ ਸਨ।