ਸਤਵਿੰਦਰ ਸ਼ਰਮਾ, ਲੁਧਿਆਣਾ : ਬੀਤੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 8 ਜਨਵਰੀ ਨੂੰ ਲੱਗੇ ਚੋਣ ਜ਼ਾਬਤੇ ਦੇ ਚੱਲਦੇ ਮਾਰਚ ਮਹੀਨੇ ਤਕ ਸ਼ਹਿਰ ਦੇ ਨਵੇਂ ਵਿਕਾਸ ਕੰਮਾਂ ਨੂੰ ਪਾਸ ਕਰਨ 'ਤੇ ਰੋਕ ਲੱਗੀ ਹੋਈ ਸੀ। ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 'ਚ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਹੁਣ ਤਕ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਨਹੀਂ ਕੀਤੀ ਜਿਸ ਦੇ ਚੱਲਦੇ ਜਿੱਥੇ ਸ਼ਹਿਰ ਦੇ ਨਵੇਂ ਵਿਕਾਸ ਕੰਮਾਂ 'ਤੇ ਬਰੇਕਾਂ ਲੱਗੀਆਂ ਹੋਈਆਂ ਸਨ ਉਸ ਦੇ ਨਾਲ ਹੀ ਨਗਰ ਨਿਗਮ 'ਚ ਕੱਚੇ ਤੌਰ 'ਤੇ ਕੰਮ ਕਰਦੇ ਸਫ਼ਾਈ ਸੇਵਕ ਸੀਵਰਮੈਨ ਬੇਲਦਾਰ ਤੇ ਡਰਾਈਵਰਾਂ ਦੀਆਂ ਤਨਖ਼ਾਹਾਂ ਵੀ ਰੁਕ ਗਈਆਂ ਸਨ ਜਿਨ੍ਹਾਂ ਵੱਲੋਂ ਬੀਤੇ ਦੋ ਦਿਨਾਂ ਤੋਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਜ਼ੋਨਲ ਕਮਿਸ਼ਨਰਾਂ ਨਾਲ ਮੀਟਿੰਗਾਂ ਕਰ ਮੰਗ ਪੱਤਰ ਦਿੱਤੇ ਜਾ ਰਹੇ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੇਅਰ ਬਲਕਾਰ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ 95 ਵਾਰਡਾਂ 'ਚ ਨਵੇਂ ਵਿਕਾਸ ਨੂੰ ਹਰੀ ਝੰਡੀ ਦੇਣ ਸਮੇਤ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਮਤਾ ਪਾਸ ਕਰਨ ਲਈ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਬੁਲਾਈ ਹੈ। ਜਿਸ ਦੀ ਪੁਸ਼ਟੀ ਖੁਦ ਮੇਅਰ ਬਲਕਾਰ ਸਿੰਘ ਸੰਧੂ ਨੇ ਜ਼ੋਨ-ਏ 'ਚ ਕੌਂਸਲਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤੀ ਹੈ।

ਦੂਜੇ ਪਾਸੇ ਵਿਰੋਧੀ ਪਾਰਟੀ ਦੇ ਕੌਂਸਲਰਾਂ ਵੱਲੋਂ ਸਾਲ ਦੇ 6 ਮਹੀਨੇ ਬੀਤ ਜਾਣ 'ਤੇ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕੰਮ ਨਾ ਪਾਸ ਹੋਣ 'ਤੇ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਕਿਉਂਕਿ ਅਗਲੇ ਕੁਝ ਮਹੀਨਿਆਂ ਬਾਅਦ ਮੌਜੂਦਾ ਕੌਂਸਲਰਾਂ ਨੂੰ ਦੁਬਾਰਾ ਤੋਂ ਨਗਰ ਨਿਗਮ ਦੇ ਸਦਨ ਦਾ ਮੈਂਬਰ ਬਣਨ ਲਈ ਚੋਣਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਵਾਰਡ ਨਿਵਾਸੀਆਂ 'ਚ ਜਾਣਾ ਪਵੇਗਾ। ਦੂਜੇ ਪਾਸੇ ਜੇਕਰ ਜਨਵਰੀ ਮਹੀਨੇ ਤੋਂ ਸਮਾਂ ਗਿਣ ਲਿਆ ਜਾਵੇ ਤਾਂ ਇਸ ਦੇ 5 ਮਹੀਨੇ ਬੀਤ ਗਏ ਹਨ, ਜਦੋਂ ਕਿ ਬਾਕੀ ਰਹਿੰਦੇ 7 ਮਹੀਨਿਆਂ 'ਚ ਮੌਸਮ ਵੀ ਨਵੇਂ ਵਿਕਾਸ ਕੰਮਾਂ 'ਚ ਅੜਚਣ ਬਣੇਗਾ ਜਿਸ ਨਾਲ ਸ਼ਹਿਰ ਦੇ 95 ਵਾਰਡਾਂ 'ਚ ਨਵਾਂ ਵਿਕਾਸ ਕਿਵੇਂ ਹੋਵੇਗਾ। ਕਿਉਂਕਿ ਅਗਲੇ ਤਿੰਨ ਮਹੀਨੇ ਮੌਨਸੂਨ ਤੇ ਫਿਰ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ, ਉਸ ਤੋਂ ਬਾਅਦ ਨਿਗਮ ਚੋਣਾਂ ਦਾ ਐਲਾਨ ਹੋਣਾ ਹੈ। ਉਧਰ, ਮੇਅਰ ਸੰਧੂ ਨੇ ਕਿਹਾ ਹੈ ਕਿ ਮੀਟਿੰਗ 'ਚ ਸਾਰੇ ਬਕਾਇਆ ਐਸਟੀਮੇਟ, ਨਵੇਂ ਟੈਂਡਰ ਲਾਉਣ ਸਮੇਤ ਵਿੱਤ ਤੇ ਠੇਕਾ ਕਮੇਟੀ ਦੀ ਪਿਛਲੀ ਮੀਟਿੰਗ 'ਚ ਪਾਸ ਕੀਤੇ ਗਏ ਕੰਮਾਂ ਦੇ ਵਰਕ ਆਰਡਰ ਜਾਰੀ ਕਰਨ ਦੀਆਂ ਸਾਰੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।

ਜੇਕਰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 'ਚ ਪੇਸ਼ ਕੀਤੇ ਜਾਣ ਵਾਲੇ ਏਜੰਡੇ ਬਾਰੇ ਨਗਰ ਨਿਗਮ ਸੂਤਰਾਂ ਦੀ ਮੰਨੀਏ ਤਾਂ ਉਸ 'ਚ 300 ਤੋਂ ਵੱਧ ਵਿਕਾਸ ਕਾਰਜਾਂ ਦੇ ਮਤੇ ਕਮੇਟੀ ਦੀ ਮਨਜ਼ੂਰੀ ਲਈ ਪੇਸ਼ ਕੀਤੇ ਜਾ ਸਕਦੇ ਹਨ। ਜਿਸ ਨਾਲ ਬੀਤੀਆਂ ਮੀਟਿੰਗਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਕਈ ਦਿਨ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 'ਚ ਸ਼ਹਿਰ ਦੇ ਕਿੰਨੇ ਵਿਕਾਸ ਕੰਮਾਂ ਸਮੇਤ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਦੇ ਮਤੇ ਨੂੰ ਕਮੇਟੀ ਵੱਲੋਂ ਹਰੀ ਝੰਡੀ ਦਿੱਤੀ ਜਾਂਦੀ ਹੈ।