ਦਲਵਿੰਦਰ ਸਿੰਘ ਰਛੀਨ, ਰਾਏਕੋਟ

ਸਥਾਨਕ ਨਗਰ ਕੌਂਸਲ ਦੀ ਹੋਈ ਮੀਟਿੰਗ ਦੌਰਾਨ ਸਮੂਹ ਮਤੇ ਆਪਸੀ ਸਹਿਮਤੀ ਨਾਲ ਪਾਸ ਕੀਤੇ ਗਏ। ਪ੍ਰਧਾਨ ਸਲਿਲ ਜੈਨ ਅਤੇ ਈਓ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਸੁਤੰਤਰਤਾ ਸੈਲਾਨੀ ਦੇਵੀ ਦਿਆਲ ਦੇ ਨਾਮ ਤੇ ਗਰੀਨ ਐਵਨਿਊ ਰਾਏਕੋਟ ਦਾ ਨਾਂਅ ਰੱਖਣ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਸਟਰੀਟ ਲਾਈਟ ਦੀ ਮੁੰਰਮਤ ਲਈ 5 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਦੀ ਸਫਾਈ ਲਈ 2 ਲੱਖ ਰੁਪਏ, ਫਾਇਰ ਸਟੇਸ਼ਨ ਲਈ 14 ਫਾਇਰਮੈਨ ਤੇ 4 ਡਰਾਇਵਰ ਸਟਾਫ ਦੀ ਭਰਤੀ ਕਰਨ ਦੇ ਮਤਿਆਂ ਨੂੰ ਹਰੀ ਝੰਡੀ ਦਿੱਤੀ ਗਈ। ਨਗਰ ਕੌਂਸਲ ਵੱਲੋਂ ਆਵਾਰਾ ਕੁੱਤਿਆਂ ਦੀ ਸਮੱਸਿਆਵਾਂ ਤੋਂ ਛੁਟਕਾਰੇ ਲਈ ਨਸਬੰਦੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ 'ਚ ਹਰਪਾਲ ਸਿੰਘ ਗਰੇਵਾਲ, ਮੁਲਖਰਾਜ ਸਿੰਘ, ਗਨੇਸ਼ ਬਾਹਦਰ, ਮੇਹਰ ਚੰਦ, ਹਰਵਿੰਦਰ ਸਿੰਘ ਬਿੱਟੂ, ਨਾਜੀਆ ਪ੍ਰਵੀਨ, ਸੀਮਾ ਰਾਣੀ, ਬੂਟਾ ਸਿੰਘ ਛਾਪਾ, ਰਮੇਸ਼ ਸ਼ਾਰਧਾ, ਕੁਲਵਿੰਦਰ ਸਿੰਘ ਗੋਰਾ, ਸੁਰਿੰਦਰ ਸਿੰਘ ਸਪਰਾ, ਵੀਨਾ ਜੈਨ, ਸੁਖਵਿੰਦਰ ਕੌਰ, ਰਾਧਾ ਰਾਣੀ, ਸੁਖਪਾਲ ਸਿੰਘ ਕਾਕੂ ਵੀ ਹਾਜ਼ਰ ਸਨ।

-ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਬਣੇਗੀ ਕਾਰ ਪਾਰਕਿੰਗ

ਸਥਾਨਕ ਸ਼ਹਿਰ ਦੀ ਗੰਭੀਰ ਬਣ ਚੁੱਕੀ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਸਮੂਹ ਕੌਂਸਲਰਾਂ ਨੇ ਕੌਂਸਲ ਦਫ਼ਤਰ ਦੇ ਪਿਛਲੇ ਪਾਸੇ ਕਾਰ, ਸਕੂਟਰ ਪਾਰਕਿੰਗ ਬਣਾਉਣ ਦਾ ਫੈਸਲਾ ਲਿਆ ਗਿਆ ਅਤੇ ਇਸ ਦੇ ਲਈ ਫੀਸਾਂ ਵੀ ਨਿਰਧਾਰਤ ਕੀਤੀਆਂ ਗਈਆਂ।

-ਪੁਰਾਣੀ ਥਾਂ 'ਤੇ ਹੀ ਬਣੇਗਾ ਨਵਾਂ ਬੱਸ ਅੱਡਾ

ਬੱਸ ਅੱਡੇ ਦੀ ਮੌਜੂਦਾ ਥਾਂ 'ਤੇ ਹੀ ਨਵਾਂ ਬੱਸ ਟਰਮੀਨਲ-ਕਮ-ਕਮਰਸ਼ੀਅਲ ਕੰਪਲੈਕਸ 'ਪੀਪੀਪੀ ਮੋਡ' ਤਹਿਤ ਬਣਾਇਆ ਜਾਵੇਗਾ, ਜਿਸ ਲਈ ਮੌਜੂਦਾ ਬੱਸ ਅੱਡੇ ਦੇ ਪਿਛਲੇ ਪਾਸੇ ਬਣਾਈਆਂ ਕੰਪੋਸਟ ਪਿੱਟਾਂ ਹਟਾਈਆਂ ਜਾਣਗੀਆਂ, ਨਵੇਂ ਬੱਸ ਅੱਡੇ ਨਾਲ ਸ਼ਹਿਰ ਦੀ ਸੁੰਦਰਤਾ 'ਚ ਵਾਧਾ ਹੋਵੇਗਾ, ਉਥੇ ਯਾਤਰੀਆਂ ਨੂੰ ਵੀ ਸਹੂਲਤਾਂ ਪ੍ਰਰਾਪਤ ਹੋਣਗੀਆਂ।

-ਹੋਵੇਗਾ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਯਤਨਸੀਲ ਹੋਏ ਕੌਂਸਲਰਾਂ ਨੇ ਸ਼ਹਿਰ 'ਚ ਫਿਰਦੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦਾ ਜ਼ਿੰਮਾ ਸਥਾਨਕ ਗਊਸ਼ਾਲਾਵਾਂ ਨੂੰ ਦੇਣਾ ਫੈਸਲਾ ਲਿਆ ਹੈ, ਜਿਸ ਲਈ ਪਸ਼ੂਆਂ ਦੀ ਖ਼ੁਰਾਕ ਦਾ ਖਰਚਾ ਨਗਰ ਕੌਂਸਲ ਵੱਲੋਂ ਇਕੱਠੇ ਕੀਤੇ 'ਕਾਓ ਸੈੱਸ' 'ਚੋਂ ਦਿੱਤਾ ਜਾਵੇਗਾ।