ਸਰਵਣ ਸਿੰਘ ਭੰਗਲਾਂ, ਸਮਰਾਲਾ

ਸ਼ਿਵ ਸੈਨਾ ਬਾਲ ਠਾਕਰੇ ਦੀ ਬੈਠਕ ਪਾਰਟੀ ਦੇ ਸੂਬਾ ਪ੍ਰਧਾਨ ਹਰੀਸ਼ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਵਡੇਰਾ ਦੀ ਅਗਵਾਈ 'ਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸੱਦੀ ਗਈ। ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਸ਼ਿਵ ਸੈਨਾ ਮਹਾਰਾਸ਼ਟਰ ਦੀਆਂ ਚੋਣਾਂ 'ਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰ ਚੁੱਕੀ ਹੈ ਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਰਕੇ ਵੱਡੀ ਗਿਣਤੀ 'ਚ ਲੋਕ ਆਪਮੁਹਾਰੇ ਪਾਰਟੀ ਨਾਲ ਜੁੜਨ ਲਈ ਪੂਰੇ ਉਤਸ਼ਾਹ 'ਚ ਹਨ। ਇਸ ਲਈ ਸ਼ਿਵ ਸੈਨਾ ਦੀ ਹਾਈ ਕਮਾਂਡ ਨੇ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵੀ ਵੱਡੇ ਪੱਧਰ 'ਤੇ ਲੜਨ ਦਾ ਐਲਾਨ ਕੀਤਾ ਹੈ, ਉਨ੍ਹਾਂ ਨੂੰ ਪੂਰਨ ਆਸ ਹੈ ਕਿ ਰਵਾਇਤੀ ਪਾਰਟੀਆਂ ਦੇ ਲਾਰੇ-ਲੱਪਿਆਂ ਤੋਂ ਅੱਕੇ ਲੋਕ ਪਾਰਟੀ ਦੇ ਹੱਕ 'ਚ ਵੱਡਾ ਫ਼ਤਵਾ ਦੇਣਗੇ। ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਲੋਕ ਹਿੱਤਾਂ ਦੀ ਤਰਜ਼ਮਾਨੀ ਕਰਨੀ ਹੀ ਪਾਰਟੀ ਦਾ ਮੁੱਢਲਾ ਅਸੂਲ ਹੈ, ਜਿਸ ਕਰ ਕੇ ਸਮੁੱਚੇ ਇਲਾਕੇ 'ਚ ਪਾਰਟੀ ਦੀ ਸਾਖ਼ ਕਾਫ਼ੀ ਮਜ਼ਬੂਤ ਹੈ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਜਲਦੀ ਹੀ ਨਵੇਂ ਮੈਂਬਰਾਂ ਦੀ ਭਰਤੀ ਮੁਹਿੰਮ ਚਲਾਈ ਜਾਵੇਗੀ। ਵਡੇਰਾ ਨੇ ਦੱਸਿਆ ਕਿ ਸਮਰਾਲਾ ਸ਼ਹਿਰ 'ਚ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਤਕਰੀਬਨ ਸਾਰੇ ਹੀ ਵਾਰਡਾਂ 'ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਸ਼ਿਵ ਸੈਨਾ ਦੇ ਸਾਰੇ ਵਰਕਰ ਗਊ ਹੱਤਿਆ, ਰਿਸ਼ਵਤਖੋਰੀ ਤੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਜੰਗ ਨੂੰ ਇੱਕਜੁੱਟ ਹੋਕੇ ਹੋਰ ਤੇਜ਼ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਪਾਲ ਸੁੱਖਾ, ਪ੍ਰਵੀਨ ਕਥੂਰੀਆ, ਵਿੱਕੀ ਵਡੇਰਾ, ਲੱਕੀ ਵਰਮਾ, ਦੀਪਕ ਤੇ ਬਲਜੋਤ ਆਦਿ ਹਾਜ਼ਰ ਸਨ।