ਚਾਰ ਦਿਨ ਪਹਿਲਾਂ ਹੋਈ ਨੋਟੀਿਫ਼ਕੇਸ਼ਨ ਸਬੰਧੀ ਪ੍ਰਧਾਨ ਲੱਧੜ ਨੂੰ ਵੀ ਨਹੀਂ ਦਿੱਤੀ ਜਾਣਕਾਰੀ

ਸਟਾਫ਼ ਰਿਪੋਰਟਰ, ਖੰਨਾ : ਖੰਨਾ ਨਗਰ ਕੌਂਸਲ ਦੇ ਪ੍ਰਧਾਨ ਅਹੁਦੇ ਲਈ ਕਮਲਜੀਤ ਸਿੰਘ ਲੱਧੜ ਦੇ ਨਾਂ ਦੀ ਨੋਟੀਫਿਕੇਸ਼ਨ ਸਥਾਨਕ ਸਰਕਾਰਾ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ। 21 ਅਪ੍ਰਰੈਲ ਨੂੰ ਕੌਂਸਲ ਦੇ ਪ੍ਰਧਾਨ ਚੁਣੇ ਗਏ ਲੱਧੜ ਹੁਣ ਕਦੇ ਵੀ ਪ੍ਰਧਾਨ ਦੀ ਕੁਰਸੀ 'ਤੇ ਬੈਠ ਸਕਦੇ ਹਨ। ਉਸੇ ਦਿਨ ਉਪ ਪ੍ਰਧਾਨ ਚੁਣੇ ਗਏ ਜਤਿੰਦਰ ਪਾਠਕ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸਨ ਪਰ ਨੋਟੀਫਿਕੇਸ਼ਨ ਤੋ ਬਾਅਦ ਲੱਧੜ ਲਈ ਅਹੁਦਾ ਸੰਭਾਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਨੋਟੀਫਿਕੇਸ਼ਨ ਨੂੰ ਲੈ ਕੇ ਇਕ ਅਜੀਬ ਹਾਲਾਤ ਵੀ ਸਾਹਮਣੇ ਆਏ ਹਨ। ਨੋਟੀਫਿਕੇਸ਼ਨ ਪੰਜਾਬ ਦੇ ਰਾਜਾਪਾਲ ਵੱਲੋਂ ਪੰਜਾਬ ਸਰਕਾਰ ਦੇ ਪਿ੍ਰੰਸੀਪਲ ਸਕੱਤਰ ਅਜੇ ਕੁਮਾਰ ਸਿਨਹਾ ਵਲੋਂ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ 'ਤੇ 11 ਮਈ ਦੀ ਤਾਰੀਖ ਲਿਖੀ ਹੈ। ਇਸ ਦੇ ਹੇਠਾਂ ਕਾਪੀ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੂੰ ਵੀ ਭੇਜੀ ਗਈ ਹੈ ਪਰ ਚਾਰ ਦਿਨ ਬਾਅਦ ਵੀ ਲੱਧੜ ਦੇ ਕੋਲ ਨਾ ਤਾਂ ਕਾਪੀ ਪਹੁੰਚੀ ਹੈ ਤੇ ਨਾ ਹੀ ਉਨ੍ਹਾਂ ਨੂੰ ਇਸ ਦੀ ਜ਼ੁਬਾਨੀ ਜਾਣਕਾਰੀ ਹੀ ਕਿਸੇ ਅਧਿਕਾਰੀ ਦੇ ਵਲੋਂ ਦਿੱਤੀ ਗਈ ਹੈ।

—————————

ਨੋਟੀਫਿਕੇਸ਼ਨ ਦੀ ਜਾਣਕਾਰੀ ਨਹੀਂ : ਲੱਧੜ

ਖੰਨਾ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੋਟੀਫਿਕੇਸ਼ਨ ਦੀ ਜਾਣਕਾਰੀ ਨਹੀਂ ਹੈ, ਨਾ ਤਾਂ ਉਨ੍ਹਾਂ ਦੇ ਕੋਲ ਕਾਪੀ ਪਹੁੰਚੀ ਤੇ ਨਾ ਹੀ ਕਿਸੇ ਨੇ ਜਾਣਕਾਰੀ ਦਿੱਤੀ। ਲੱਧੜ ਨੇ ਦੱਸਿਆ ਕਿ ਕਾਪੀ ਮਿਲਣ ਤੋਂ ਬਾਅਦ ਹੀ ਉਹ ਅਹੁਦਾ ਸੰਭਾਲਣ ਬਾਰੇ ਹੀ ਦੱਸ ਸਕਦੇ ਹਨ। ਉਹ ਇਸ ਬਾਰੇ 'ਚ ਪਤਾ ਕਰਨਗੇ।

———————————

ਅੱਜ ਹੀ ਮਿਲੀ ਨੋਟੀਫਿਕੇਸ਼ਨ : ਈਓ

ਖੰਨਾ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨਿੱਚਰਵਾਰ ਨੂੰ ਹੀ ਨੋਟੀਫਿਕੇਸ਼ਨ ਦੀ ਕਾਪੀ ਕਿਸੇ ਨੇ ਭੇਜੀ ਹੈ। ਸੋਮਵਾਰ ਨੂੰ ਹੀ ਪਤਾ ਚੱਲੇਗਾ ਕਿ ਨੋਟੀਫਿਕੇਸ਼ਨ ਅਧਿਕਾਰਿਕ ਰੂਪ ਨਾਲ ਪਹੁੰਚੀ ਨਹੀਂ ਹੈ। ਈਓ ਅਨੁਸਾਰ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਨੋਟੀਫਿਕੇਸ਼ਨ ਦੇ ਇਕ ਹਫ਼ਤੇ ਦੇ ਅੰਦਰ ਅਹੁਦਾ ਸੰਭਾਲਣਾ ਹੁੰਦਾ ਹੈ।