ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਰਫਿਊ ਦੌਰਾਨ ਦਫ਼ਤਰ 'ਚ ਮੌਜੂਦ ਦੋ ਮਜ਼ਦੂਰਾਂ ਦਾ ਝਗੜਾ ਹੋ ਗਿਆ। ਇਹ ਝਗੜਾ ਇਸ ਹੱਦ ਤਕ ਵੱਧ ਗਿਆ ਕਿ ਇਕ ਮਜ਼ਦੂਰ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਬਠਿੰਡਾ ਦੇ ਰਹਿਣ ਵਾਲੇ ਮੁਲਜ਼ਮ ਕੁਲਵਿੰਦਰ ਸਿੰਘ ਕਾਲੀ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਹਰਿਆਣਾ ਦੇ ਰਹਿਣ ਵਾਲੇ ਨਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਗਿੱਲ ਰੋਡ ਦਾਣਾ ਮੰਡੀ 'ਚ ਉਨ੍ਹਾਂ ਦਾ ਫਾਸਟ ਐਕਸਪ੍ਰੈੱਸ ਕਾਰਗੋ ਨਾਂ ਦਾ ਦਫ਼ਤਰ ਹੈ। ਕੁਲਵਿੰਦਰ ਤੇ ਮਹਾਵੀਰ ਸ਼ਰਮਾ ਦਫ਼ਤਰ 'ਚ ਮਜ਼ਦੂਰੀ ਕਰਦੇ ਸਨ। ਕਰਫਿਊ ਲੱਗਣ ਕਾਰਨ ਦੋਵੇਂ ਦਫ਼ਤਰ 'ਚ ਹੀ ਰੁਕੇ ਹੋਏ ਸਨ। ਜਾਣਕਾਰੀ ਮੁਤਾਬਕ ਰਾਤ ਸਾਢੇ 10 ਵਜੇ ਦੇ ਕਰੀਬ ਦੋਵਾਂ ਨੇ ਸ਼ਰਾਬ ਪੀਤੀ ਤੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ।

ਝਗੜੇ ਨੇ ਭਿਆਨਕ ਰੂਪ ਧਾਰ ਲਿਆ ਤੇ ਕੁਲਵਿੰਦਰ ਸਿੰਘ ਨੇ ਮਹਾਵੀਰ ਸ਼ਰਮਾ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਚ ਸੱਟਾਂ ਮਾਰੀਆਂ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਮਹਾਵੀਰ ਸ਼ਰਮਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਅਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।