ਸੰਜੀਵ ਗੁਪਤਾ, ਜਗਰਾਓਂ : ਘੁੰਗਰਾਣਾ ਪਿੰਡ ਵਿਚ ਖੇਤ ’ਚ ਕੰਮ ਕਰਨ ਗਏ ਕਿਸਾਨ ਦਾ ਖੇਤ ਦੀ ਮੋਟਰ ਵਾਲੇ ਕਮਰੇ ’ਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਜੋਧਾਂ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਸੂਤਰਾਂ ਅਨੁਸਾਰ ਪੁਲਿਸ ਨੂੰ ਇਸ ਅੰਨੀ ਕਤਲ ਦੀ ਗੁੱਥੀ ਸੁਲਝਾਉਣ ਲਈ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ। ਜਿਸ ਦੇ ਆਧਾਰ ’ਤੇ ਪੁਲਿਸ ਕਈ ਥਾਵਾਂ ’ਤੇ ਛਾਪਾਮਾਰੀ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੁੰਗਰਾਣਾ ਵਾਸੀ ਜੋਗਾ ਸਿੰਘ ਪੁੱਤਰ ਦਿਲਬਾਗ ਸਿੰਘ ਰੋਜ ਵਾਂਗ ਬੀਤੀ ਸ਼ਾਮ ਖੇਤ ਵਿਚ ਗੇੜਾ ਮਾਰਨ ਗਿਆ ਪਰ ਕਾਫੀ ਰਾਤ ਪੈਣ ’ਤੇ ਵੀ ਉਹ ਘਰ ਵਾਪਸ ਨਾ ਆਇਆ। ਜਿਸ ’ਤੇ ਉਸ ਦਾ ਭਰਾ ਹਰਜੀਤ ਸਿੰਘ ਉਸ ਨੂੰ ਦੇਖਣ ਲਈ ਖੇਤ ਚਲਾ ਗਿਆ। ਖੇਤ ਵਿਚ ਬਣੇ ਮੋਟਰ ਵਾਲੇ ਕਮਰੇ ਦੀ ਲਾਈਟ ਜਗਦੀ ਦੇਖ ਜੋਗਾ ਸਿੰਘ ਦੇ ਅੰਦਰ ਹੋਣ ਦੀ ਉਮੀਦ ਨਾਲ ਜਦੋਂ ਹਰਜੀਤ ਦਾਖਲ ਹੋਇਆ ਤਾਂ ਜੋਗਾ ਸਿੰਘ ਜ਼ਮੀਨ ’ਤੇ ਡਿੱਗਿਆ ਹੋਇਆ ਸੀ ਅਤੇ ਖੂਨ ਨਾਲ ਲੱਥਪੱਥ ਸੀ। ਹਰਜੀਤ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੇ ਗਲੇ ’ਤੇ ਤੇਜਧਾਰ ਹਥਿਆਰ ਦਾ ਵਾਰ ਹੋਇਆ ਸੀ। ਇਸ ’ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਜੋਧਾਂ ਥਾਣਾ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਲਾਸ਼ ਕਬਜੇ ਵਿਚ ਲੈ ਕੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਕਾਤਲ ਦੀ ਸ਼ਨਾਖਤ ਨਹੀਂ ਹੋ ਸਕੀ। ਇਸ ਕਤਲ ਵਿਚ ਅਣਪਛਾਤੇ ਕਾਤਲਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਇਸ ਕਤਲ ਵਿਚ ਮਿਲੇ ਕੁਝ ਸੁਰਾਗਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Posted By: Jagjit Singh