ਹਰਜੋਤ ਸਿੰਘ ਅਰੋੜਾ,ਲੁਧਿਆਣਾ : ਬੇਟੀ 'ਤੇ ਬੁਰੀ ਨਜ਼ਰ ਰੱਖਣ ਵਾਲੇ ਠੇਕੇਦਾਰ ਨੂੰ ਉਸਦੀ ਦੂਸਰੀ ਪਤਨੀ ਬੇਟੀ ਅਤੇ ਬੇਟੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਠੇਕੇਦਾਰ ਦਾ ਕਤਲ ਕਰਨ ਤੋਂ ਬਾਅਦ ਤਿੰਨਾਂ ਨੇ ਖੁਦ ਥਾਣੇ ਜਾ ਕੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ।

ਪ੍ਰਾਪਤ ਜਾਣਕਾਰੀ ਅਨੁਸਾਰ, ਰਾਜ ਕਿਸ਼ੋਰ ਉਰਫ ਕਰਨ ਠੇਕੇ 'ਤੇ ਇਮਾਰਤਾਂ ਬਣਾਉਣ ਦਾ ਕੰਮ ਕਰਦਾ ਹੈ । ਰਾਜ ਕਿਸ਼ੋਰ ਨੇ ਦੂਸਰਾ ਵਿਆਹ ਕਰਵਾਇਆ ਸੀ ਅਤੇ ਉਹ ਆਪਣੀ ਪਤਨੀ ਗੀਤਾ ਰਾਣੀ,ਬੇਟੀ ਕਿਰਨ, ਬੇਟੀ ਸ਼ਿਵਮ ਅਤੇ ਬੇਟੇ ਸੰਦੀਪ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਤੋਂ ਉਸ ਦਾ ਇਕ ਬੇਟਾ ਇਕ ਬੇਟੀ ਵੀ ਹੋਈ ਸੀ।

ਰਾਜ ਕਿਸ਼ੋਰ ਨੇ ਕੁਝ ਸਮੇਂ ਪਹਿਲਾਂ ਆਪਣੀ ਪਹਿਲੀ ਪਤਨੀ ਦੀ ਬੇਟੀ ਨਾਲ ਵੀ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਸਬੰਧ ਵਿਚ ਮਾਮਲਾ ਵੀ ਦਰਜ ਹੋਇਆ ਸੀ ਜਿਸ ਵਿੱਚ ਰਾਜ ਕਿਸ਼ੋਰ ਦੀ ਗ੍ਰਿਫਤਾਰੀ ਵੀ ਹੋਈ ਸੀ ਬਾਅਦ ਵਿੱਚ ਸਮਝੌਤਾ ਹੋਣ 'ਤੇ ਉਹ ਜੇਲ੍ਹ ਵਿੱਚੋਂ ਬਾਹਰ ਆ ਗਿਆ ਪਰ ਇਸ ਦੌਰਾਨ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਹੁਣ ਉਹ ਦੂਸਰੇ ਵਿਆਹ ਤੋਂ ਹੋਈ ਬੇਟੀ 'ਤੇ ਵੀ ਬੁਰੀ ਨਜ਼ਰ ਰੱਖਦਾ ਸੀ ਅਤੇ ਸ਼ਰਾਬ ਪੀ ਕੇ ਪਰਿਵਾਰ ਨੂੰ ਪ੍ਰੇਸ਼ਾਨ ਕਰਦਾ ਸੀ । ਪਿਛਲੇ ਤਿੰਨ ਦਿਨ ਤੋਂ ਘਰ ਵਿੱਚ ਫਿਰ ਕਲੇਸ਼ ਹੋ ਰਿਹਾ ਸੀ ਜਿਸ ਤੋਂ ਤੰਗ ਆ ਕੇ ਰਾਜ ਕਿਸ਼ੋਰ ਦੀ ਪਤਨੀ ਗੀਤਾ ਕੁਮਾਰੀ ਨੇ ਆਪਣੇ ਮਤਰੇਏ ਬੇਟੇ ਅਤੇ ਆਪਣੀ ਬੇਟੀ ਦੇ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ । ਹੱਤਿਆ ਕਰਨ ਦੇ ਲਈ ਬਿਜਲੀ ਦੀ ਤਾਰ ਦੇ ਨਾਲ ਗਲਾ ਘੁੱਟਿਆ ਗਿਆ । ਮਾਂ ਤੇ ਬੇਟੀ ਨੇ ਰਾਜ ਕਿਸ਼ੋਰ ਦੀਆਂ ਬਾਹਾਂ ਫੜ੍ਹੀਆਂ ਅਤੇ ਉਸੇ ਪਹਿਲੀ ਪਤਨੀ ਤੋਂ ਹੋਏ ਬੇਟੇ ਨੇ ਵਿਸ਼ਾਲ ਨੇ ਬਿਜਲੀ ਦੀ ਤਾਰ ਨੂੰ ਉਸ ਦਾ ਗਲਾ ਘੁੱਟ ਦਿੱਤਾ।

ਇਹ ਜ਼ਿਕਰਯੋਗ ਹੈ ਕਿ ਉਸ ਦਾ ਬੇਟਾ ਦਿੱਲੀ ਰਹਿੰਦਾ ਸੀ ਤੇ ਉਸ ਨੂੰ ਮਿਲਣ ਆਇਆ ਸੀ ਪਰ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਪਿਓ ਦੀਆਂ ਹਰਕਤਾਂ ਪਹਿਲਾਂ ਵਾਂਗ ਹੀ ਹਨ ਅਤੇ ਉਹ ਉਸ ਦੀ ਮਤਰੇਈ ਭੈਣ 'ਤੇ ਵੀ ਬੁਰੀ ਨਜ਼ਰ ਰੱਖਦਾ ਹੈ ਤਾਂ ਉਸ ਨੂੰ ਆਪਣੀ ਸਕੀ ਭੈਣ ਦੀ ਯਾਦ ਆ ਜਾਂਦੀ ਸੀ। ਰਾਜ ਕਿਸ਼ੋਰ ਤੇ ਦੋਸ਼ ਹੈ ਕਿ ਉਸ ਵੱਲੋਂ ਆਪਣੀ ਦੂਸਰੀ ਕੁੜੀ ਦੇ ਨਾਲ ਵੀ ਬਲਾਤਕਾਰ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਪਰਿਵਾਰ ਵੱਲੋਂ ਉਸ ਦਾ ਗਲਾ ਘੁੱਟ ਦਿੱਤਾ।

ਪੁਲਿਸ ਨੇ ਇਸ ਮਾਮਲੇ ਦੇ ਵਿਚ ਰਾਜ ਕਿਸ਼ੋਰ ਦੇ ਗੁਆਂਢੀ ਦੇ ਬਿਆਨਾਂ ਦੇ ਆਧਾਰ 'ਤੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ।ਪੁਲਿਸ ਨੇ ਇਸ ਮਾਮਲੇ ਵਿੱਚ ਆਰੋਪੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਰਿਮਾਂਡ ਤੇ ਲੈ ਕੇ ਪੁੱਛ ਗਿੱਛ ਕੀਤੀ ਜਾਵੇਗੀ।

Posted By: Jagjit Singh