ਸਤਵਿੰਦਰ ਸ਼ਰਮਾ, ਲੁਧਿਆਣਾ : ਲੁਧਿਆਣਾ ਨਗਰ ਨਿਗਮ 'ਤੇ ਕੋਰੋਨਾ ਵਾਇਰਸ ਦਾ ਸਾਇਆ ਲਗਾਤਾਰ ਗੂੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਇੱਕ ਜ਼ੋਨਲ ਕਮਿਸ਼ਨਰ ਸਮੇਤ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਜਦਕਿ ਇਨ੍ਹਾਂ 'ਚੋਂ ਇੱਕ ਸਫਾਈ ਸੇਵਕ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ ਦਿਨੀਂ ਡਿਊਟੀ ਦੌਰਾਨ ਸਫ਼ਾਈ ਸੇਵਕ ਨੂੰ ਸਾਹ ਰੁਕਣ ਦੀ ਸ਼ਿਕਾਇਤ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ਲਿਜਾਣ ਦੌਰਾਨ ਉਸ ਦੀ ਮੌਤ ਹੋ ਗਈ। ਅੱਜ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਮ੍ਰਿਤਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜਾਣਕਾਰੀ ਮੁਤਾਬਿਕ ਸਫਾਈ ਸੇਵਕ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 40 ਦੇ ਇਲਾਕੇ ਕਬੀਰ ਨਗਰ 'ਚ ਡਿਊਟੀ ਕਰ ਰਿਹਾ ਸੀ।

ਸ਼ੁੱਕਰਵਾਰ ਨੂੰ ਸਫਾਈ ਸੇਵਕ ਨੂੰ ਡਿਊਟੀ ਦੇ ਦੌਰਾਨ ਸਾਹ ਘੁੱਟਣ ਦੀ ਸ਼ਿਕਾਇਤ ਹੋਈ। ਉਸ ਦੀ ਹਾਲਤ ਦੇਖਦਿਆਂ ਸੈਂਟਰੀ ਸੁਪਰਵਾਈਜ਼ਰ ਵੱਲੋਂ ਉਸ ਨੂੰ ਘਰ ਭੇਜ ਦਿੱਤਾ ਗਿਆ। ਪਰਿਵਾਰਕ ਮੈਂਬਰ ਉਸ ਨੂੰ ਸੀਐੱਮਸੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਕੋਰੋਨਾ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਉਸ ਨੂੰ ਟੈਸਟ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਜਾਂਦੇ ਸਮੇਂ ਸਾਹ ਰੁਕਣ ਕਾਰਨ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲਾਸ਼ ਨੂੰ ਮੋਰਚਰੀ ਵਿੱਚ ਰੱਖ ਕੇ ਇੱਕ ਸੈਂਪਲ ਕੋਰੋਨਾ ਟੈਸਟ ਲਈ ਭੇਜਿਆ। ਸੋਮਵਾਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਪੈਰਾਂ ਹੇਠੋਂ ਉਸ ਵੇਲੇ ਜ਼ਮੀਨ ਨਿਕਲ ਗਈ ਜਦੋਂ ਮ੍ਰਿਤਕ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ। ਸਫਾਈ ਮੁਲਾਜ਼ਮ ਦੇ ਸੰਪਰਕ ਵਿੱਚ ਆਉਣ ਵਾਲੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵੀ ਕੋਰੋਨਾ ਟੈਸਟ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Posted By: Amita Verma