ਰਾਜਨ ਕੈਂਥ : ਗੁਆਂਢ 'ਚ ਰਹਿਣ ਵਾਲੇ ਰਾਜੀਵ ਵਿਜ, ਪੰਕਜ ਪ੍ਰਭਾਕਰ, ਅਨਮੋਲ ਤੇ ਮਯੂਰ ਵਿਹਾਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਰਾਜੀਵ ਸੁੰਦਾ ਪ੍ਰਰਾਪਰਟੀ, ਬਿਲਡਰ ਤੇ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ। ਉਸ ਦੇ ਕੋਲ ਕਰੋੜਾਂ ਰੁਪਏ ਦੀ ਅਚੱਲ ਸੰਪਤੀ ਸੀ। ਉਹ ਬੇਹੱਦ ਸਾਈਕੋ ਕਿਸਮ ਦਾ ਇਨਸਾਨ ਸੀ। 12 ਸਾਲਾਂ 'ਚ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਖੜ੍ਹੇ ਨਹੀਂ ਦੇਖਿਆ। ਆਪਣੀ ਕੋਠੀ ਦੀ ਮੈਨਟੇਨੈਂਸ ਨੂੰ ਲੈ ਕੇ ਉਹ ਹਮੇਸ਼ਾ ਚੌਕਸ ਰਹਿੰਦਾ ਸੀ। ਹਲਕੀ ਜਿਹੀ ਤਰੇੜ ਨਜ਼ਰ ਆਉਣ 'ਤੇ ਉਹ ਰਾਜ ਮਿਸਤਰੀ ਨੂੰ ਬੁਲਾ ਕੇ ਉਸੇ ਸਮੇਂ ਉਸ ਨੂੰ ਠੀਕ ਕਰਵਾਉਂਦਾ ਸੀ। ਘਰ ਦੇ ਅੰਦਰ ਬਾਹਰ ਉਸ ਨੇ ਸੀਸੀਟੀਵੀ ਕੈਮਰੇ ਲਾਏ ਹੋਏ ਸਨ। ਕੋਠੀ ਦੇ ਬਾਹਰ ਉਸ ਨੇ ਫਲੱਡ ਲਾਈਟਾਂ ਵੀ ਲਾਈਆਂ ਹੋਈਆਂ ਸਨ, ਤਾਂ ਕਿ ਰਾਤ ਸਮੇਂ ਵੀ ਉਸ ਦੀ ਕੋਠੀ ਦੂਰੋਂ ਹੀ ਚਮਕਦੀ ਨਜ਼ਰ ਆਵੇ। ਉਹ ਆਪਣੀ ਕਾਰ ਹਮੇਸ਼ਾ ਹੀ ਬੈਕ ਕਰ ਕੇ ਘਰ ਕੇ ਅੰਦਰ ਲਾਉਂਦਾ ਸੀ, ਤਾਂ ਜੋ ਬਾਹਰ ਨਿਕਲਣ ਸਮੇਂ ਕੋਈ ਦਿੱਕਤ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਸਾਹਮਣੇ ਵਾਲੇ ਘਰ 'ਚ ਕਾਰ ਧੋਣ ਵਾਲਾ ਰਹਿੰਦਾ ਹੈ। ਉਸ ਨੇ ਸਵੇਰੇ 5.30 'ਤੇ ਰਾਜੀਵ ਸੁੰਦਾ ਦੇ ਘਰ ਤੋਂ ਚੀਕਾਂ ਸੁਣੀਆਂ ਪਰ ਕੁਝ ਦੇਰ ਬਾਅਦ ਉਹ ਚੀਕਾਂ ਸ਼ਾਂਤ ਹੋ ਗਈਆਂ। ਕਰੀਬ 6.20 'ਤੇ ਉਹ ਲੋਕ ਗਲੀ 'ਚ ਬੈਡਮਿੰਟਨ ਖੇਡਣ ਦੀ ਤਿਆਰੀ ਕਰ ਰਹੇ ਸਨ ਕਿ ਉਸੇ ਸਮੇਂ ਉਥੇ ਆਏ ਅਸ਼ੋਕ ਤੇ ਗੌਰਵ ਨੂੰ ਦੇਖ ਕੇ ਰਾਜੀਵ ਆਪਣੀ ਕਾਰ 'ਚ ਬੈਠ ਕੇ ਫਰਾਰ ਹੋ ਗਿਆ। ਅਸ਼ੋਕ ਤੇ ਗੌਰਵ ਨੇ ਹੀ ਮੁਹੱਲੇ ਦੇ ਲੋਕਾਂ ਨੂੰ ਦੱਸਿਆ ਕਿ ਰਾਜੀਵ ਪੂਰੇ ਪਰਿਵਾਰ ਦਾ ਕਤਲ ਕਰ ਕੇ ਫਰਾਰ ਹੋ ਗਿਆ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਸੋਗ ਦਾ ਮਾਹੌਲ ਤੇ ਦਹਿਸ਼ਤ ਦੀ ਲਹਿਰ ਸ਼ੁਰੂ ਹੋ ਗਈ।

ਹਰ ਕਿਸੇ ਦੇ ਮੂੰਹ 'ਤੇ ਇਕ ਹੀ ਸਵਾਲ ਸੀ ਕਿ ਕੋਈ ਕਿਵੇਂ ਕਸਾਈ ਬਣ ਕੇ ਆਪਣੇ ਹੀ ਪਰਿਵਾਰ ਨੂੰ ਖਤਮ ਕਰ ਸਕਦਾ ਹੈ। ਆਪਣੇ ਮਾਸੂਮ ਪੋਤੇ ਦੀ ਜਾਨ ਲੈਂਦਿਆਂ ਉਸ ਦੇ ਹੱਥ ਨਹੀਂ ਕੰਬੇ।

........ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੂੰ ਘਰ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ। ਜਿਸ 'ਚ ਰਾਜਵ ਨੇ ਲਿਖਿਆ ਹੈ ਕਿ ਉਸ ਨੇ ਆਪਣੀ ਕੁੜਮ ਅਸ਼ੋਕ ਗੁਲਾਟੀ ਨੂੰ 4 ਲੱਖ ਰੁਪਏ ਉਧਾਰ ਦਿੱਤੇ ਸਨ, ਜੋ ਉਸ ਨੇ ਵਾਪਸ ਨਹੀਂ ਕੀਤੇ। ਉਲਟਾ ਨੂੰ ਉਸ ਕੋਲੋਂ ਪੁੱਤਰ ਗੌਰਵ ਵੀ ਉੱਚ ਸਿੱਖਿਆ ਲਈ 3 ਲੱਖ ਰੁਪਏ ਫਿਰ ਮੰਗ ਰਿਹਾ ਸੀ ਪਰ ਰਾਜੀਵ ਨੇ ਉਹ ਰੁਪਏ ਦੇਣ ਤੋਂ ਮਨ੍ਹਾਂ ਕਰ ਦਿੱਤਾ, ਜਿਸ 'ਤੇ ਅਸ਼ੋਕ ਗੁਲਾਟੀ ਨੇ ਕਿਹਾ ਕਿ ਹੁਣ ਉਸ ਨੂੰ 10 ਲੱਖ ਰੁਪਏ ਤੇ ਆਲਟੋ ਕਾਰ ਦੇਣੀ ਪਵੇਗੀ ਨਹੀਂ ਤਾਂ ਉਹ ਆਪਣੀ ਕੁੜ ਗਰਿਮਾਂ ਤੋਂ ਉਨ੍ਹਾਂ 'ਤੇ ਦਾਜ ਲਈ ਤੰਗ ਕਰਨ ਦਾ ਪਰਚਾ ਦਰਜ ਕਰਵਾ ਦੇਵੇਗਾ। ਇੰਨੇ ਰੁਪਇਆਂ ਦਾ ਇੰਤਜ਼ਾਮ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ ਹੈ। ਅਸ਼ੋਕ ਉਸ 'ਤੇ ਲਗਾਤਾਰ ਦਬਾਅ ਬਣਾ ਰਿਹਾ ਹੈ, ਜਿਸ ਕਾਰਨ ਉਹ ਅੱਜ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਕੇ ਖੁਦ ਵੀ ਖੁਦਕੁਸ਼ੀ ਕਰਨ ਜਾ ਰਿਹਾ ਹੈ। ਜਿਸ ਦੀ ਪੂਰੀ ਜ਼ਿੰਮੇਦਾਰੀ ਅਸ਼ੋਕ ਗੁਲਾਟੀ ਤੇ ਉਸ ਦੇ ਬੇਟੇ ਗੌਰਵ ਗੁਲਾਟੀ ਦੀ ਹੋਵੇਗੀ। ਪੁਲਿਸ ਨੇ ਉਸ ਨੋਟ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਹੈ। ਉਸ ਦੀ ਰਿਪੋਰਟ ਆਉਣ ਤਕ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਰਾਜੀਵ ਸੁੰਦਾ ਪੁਲਿਸ ਦਾ ਮੁਲਜ਼ਮ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਰਾਜੀਵ ਸੁੰਦਾ ਨੇ ਆਪਣੇ ਪਰਿਵਾਰ ਦੇ ਸੌਂ ਰਹੇ ਮੈਂਬਰਾਂ 'ਤੇ ਕੁਲ੍ਹਾੜੀ ਨਾਲ ਵਾਰ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੋਵੇਗਾ ਕਿਉਂਕਿ ਇੰਨੇ ਲੋਕਾਂ ਦੀ ਜਾਨ ਲੈਣਾ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ।

ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਮੇਅਰ

ਮਯੂਰ ਵਿਹਾਰ ਮੇਅਰ ਬਲਕਾਰ ਸਿੰਘ ਸੰਧੂ ਦੇ ਵਾਰਡ 'ਚ ਪੈਂਦਾ ਹੈ। ਮੇਅਰ ਨੂੰ ਸਵੇਰੇ ਜਦੋਂ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਸੂਚਨਾ ਮਿਲੀ ਕਿ ਮਯੂਰ ਵਿਹਾਰ 'ਚ ਕਤਲ ਹੋਏ ਹਨ ਤਾਂ ਮੇਅਰ ਤੁਰੰਤ ਮੌਕੇ 'ਤੇ ਪਹੁੰਚੇ। ਉਦੋਂ ਤਕ ਮੌਕੇ 'ਤੇ ਸਿਰਫ ਆਸੇ-ਪਾਸੇ ਦੇ ਲੋਕ ਹੀ ਪਹੁੰਚੇ ਸਨ। ਮੇਅਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨਾਲ ਇਸ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਤਲ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ।