ਸੰਜੀਵ ਗੁਪਤਾ, ਜਗਰਾਓਂ

ਕੇਂਦਰ ਸਰਕਾਰ ਵੱਲੋਂ ਝੋਨੇ 'ਚ 53 ਰੁਪਏ ਕੀਤੇ ਵਾਧੇ 'ਤੇ ਭੜਕੇ ਕਾਂਗਰਸੀਆਂ ਨੇ ਇਸ ਨੂੰ ਕਿਸਾਨਾਂ ਨਾਲ ਕੋਝਾ ਮਜਾਕ ਕਰਾਰ ਦਿੱਤਾ। ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਜਗਰਾਓਂ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਵਿਚ ਬੁਲਾਰਿਆਂ ਨੇ ਕਿਹਾ ਕਿ ਪੂਰੇ ਦੇਸ਼ ਦੇ ਅਨਾਜ਼ ਭੰਡਾਰ ਭਰਨ ਵਾਲੇ ਪੰਜਾਬ ਦੇ ਅੰਨ ਦਾਤਾ ਕਿਸਾਨ ਦੇ ਨਾਲ ਹਮੇਸ਼ਾ ਕੇਂਦਰ ਦੀ ਭਾਜਪਾ ਸਰਕਾਰ ਨੇ ਪੱਖਪਾਤ ਕੀਤਾ ਹੈ। ਅੰਨਦਾਤਾ ਨੂੰ ਇਸ ਸਰਕਾਰ ਨੇ ਹਮੇਸ਼ਾ ਹੀ ਅਣਗੌਲਿਆ ਹੈ। ਅੱਜ ਜਦੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰ ਵਿਚੋਂ ਪੂਰਾ ਦੇਸ਼ ਪ੍ਰਭਾਵਿਤ ਹੋਇਆ ਹੈ, ਅਜਿਹੇ ਵਿਚ ਹਰ ਖਤਰੇ ਤੋਂ ਦਰਕਿਨਾਰ ਕਰਦਿਆਂ ਕਿਸਾਨਾਂ ਨੇ ਪਹਿਲਾਂ ਕਣਕ ਦੀ ਫਸਲ ਅਤੇ ਹੁਣ ਝੋਨੇ ਦੀ ਲਵਾਈ ਕੀਤੀ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਖਤਰੇ ਵਿਚ ਜਾ ਰਹੀ ਕਿਸਾਨੀ ਨੂੰ ਬਚਾਉਣ ਦੀ ਥਾਂ ਉਸ ਦੇ ਜਜ਼ਬਾਤਾਂ ਨਾਲ ਖੇਡ ਰਹੀ ਹੈ, ਜਿਸ ਨੂੰ ਦੇਸ਼ ਦਾ ਕਿਸਾਨ ਕਦੇ ਮਾਫ਼ ਨਹੀਂ ਕਰੇਗਾ। ਇਸ ਮੌਕੇ ਸੂਬਾ ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਗੋਪਾਲ ਸ਼ਰਮਾ, ਮਨੀ ਗਰਗ, ਭਜਨ ਸਵੱਦੀ, ਤਜਿੰਦਰ ਨੰਨੀ, ਪਵਨ ਗਰਗ, ਜੀਵਨ ਸਿੰਘ ਬਾਘੀਆਂ, ਸਰਪੰਚ ਚਰਨਪ੍ਰਰੀਤ ਸਿੰਘ, ਸਾਜਨ ਮਲਹੋਤਰਾ, ਕੁਲਦੀਪ ਕੈਲੇ, ਸਿਮਰਨ ਤੂਰ, ਅਰਜਨ ਬਾਵਾ, ਹਰਿੰਦਰ ਸਿੰਘ, ਸਰਪੰਚ ਗਗੜਾ, ਜੰਗ ਸਿੰਘ ਆਦਿ ਹਾਜ਼ਰ ਸਨ।