ਜੇਐੱਨਐੱਨ, ਲੁਧਿਆਣਾ : ਕਦੇ ਨਗਰ ਨਿਗਮ ਦੀਆਂ ਮੀਟਿੰਗਾਂ 'ਚ ਹੋਰ ਕਦੇ ਬਿਆਨਬਾਜ਼ੀ ਨੂੰ ਲੈ ਕੇ ਇਕ-ਦੂਜੇ ਦੇ ਖ਼ਿਲਾਫ਼ ਅੱਗ ਉਗਲਣ ਵਾਲੇ ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ ਤੇ ਵਿਧਾਇਕ ਸੁਰਿੰਦਰ ਡਾਵਰ ਨੂੰ ਐੱਮਪੀ ਬਿੱਟੂ ਨੇ ਇਕੱਠਾ ਕਰ ਕੇ ਸਰਕਟ ਹਾਊਸ 'ਚ ਇਕ ਹੀ ਮੰਚ 'ਤੇ ਬਿਠਾ ਦਿੱਤਾ। ਵਿਕਾਸ ਦੇ ਮੁੱਦਿਆਂ 'ਤੇ ਗੱਲਬਾਤ ਕਰਨ ਦੇ ਬਹਾਨੇ ਤਿੰਨਾਂ ਹੀ ਨੇਤਾਵਾਂ ਨੂੰ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਇਕੱਠਾ ਕੀਤਾ। ਉਸ ਤੋਂ ਬਾਅਦ ਤਿੰਨਾਂ ਹੀ ਨੇਤਾਵਾਂ ਦੇ ਇਕ-ਦੂਜੇ ਪ੍ਤੀ ਗਿਲ੍ਹੇ-ਸ਼ਿਕਵੇ ਦੂਰ ਕਰਵਾਏ। ਉਸ ਤੋਂ ਬਾਅਦ ਤਿੰਨਾਂ ਹੀ ਨੇਤਾਵਾਂ ਨੂੰ ਇਕੱਠਾ ਕਰ ਕੇ ਨਾਲ-ਨਾਲ ਬਿਠਾ ਦਿੱਤੇ। ਹਾਲਾਂਕਿ ਇਨ੍ਹਾਂ ਸਾਰੇ ਨੇਤਾਵਾਂ ਨੇ ਮੰਚ 'ਤੇ ਇਕ-ਦੂਜੇ ਨਾਲ ਬਹੁਤ ਘੱਟ ਗੱਲਬਾਤ ਕੀਤੀ, ਪਰ ਤਿੰਨਾਂ ਹੀ ਨੇਤਾਵਾਂ ਨੇ ਮੰਨਿਆ ਕਿ ਉਹ ਐੱਮਪੀ ਬਿੱਟੂ ਦੇ ਨਾਲ ਹਨ ਤੇ ਵਿਕਾਸ ਨੂੰ ਲੈ ਕੇ ਕੰਮ ਕਰ ਰਹੇ ਹਨ। ਮੀਟਿੰਗ ਦੌਰਾਨ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਗਾਇਬ ਰਹੇ।

-ਬਿੱਟੂ ਨੇ ਇਕ ਤੀਰ ਨਾਲ ਲਗਾਏ ਕਈ ਨਿਸ਼ਾਨੇ

ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਮਪੀ ਬਿੱਟੂ ਕਈ ਥਾਵਾਂ 'ਤੇ ਿਘਰਦੇ ਨਜ਼ਰ ਆ ਰਹੇ ਸਨ। ਜਿਸ ਵਿਚ ਸਭ ਤੋਂ ਅਹਿਮ ਉਨ੍ਹਾਂ ਦੇ ਆਪਣੇ ਧੜੇ 'ਚ ਵੱਧਦੀ ਧੜੇਬਾਜ਼ੀ ਸਾਹਮਣੇ ਆ ਰਹੀ ਸੀ। ਜਿਸ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਚੱਲ ਰਹੀ ਮੇਅਰ ਬਲਕਾਰ ਸਿੰਘ ਸੰਧੂ ਤੇ ਵਿਧਾਇਕ ਸੰਜੇ ਤਲਵਾੜ ਦੀ ਤਕਰਾਰ। ਵਿਧਾਇਕ ਸੰਜੇ ਤਲਵਾੜ ਤੇ ਵਿਧਾਇਕ ਸੁਰਿੰਦਰ ਡਾਵਰ ਕੁਝ ਮਹੀਨੇ ਪਹਿਲਾਂ ਆਹਮੋ-ਸਾਹਮਣੇ ਹੋਏ। ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਧੜਾ ਤੇ ਵਿਧਾਇਕ ਸੰਜੇ ਤਲਵਾੜ ਦੀ ਵੀ ਹਾਊਸ ਦੀ ਮੀਟਿੰਗ ਦੌਰਾਨ ਤਕਰਾਰ ਹੋ ਗਈ ਸੀ। ਇਸ ਤੋਂ ਇਲਾਵਾ ਐੱਮਪੀ ਬਿੱਟੂ ਦੇ ਖ਼ਿਲਾਫ਼ ਵਿਧਾਇਕ ਰਾਕੇਸ਼ ਪਾਂਡੇ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਧੜੇ ਨੇ ਫਾਰਮ ਭਰਨਾ ਸ਼ੁਰੂ ਕਰ ਦਿੱਤਾ ਸੀ। ਐੱਮਪੀ ਬਿੱਟੂ ਨੇ ਇਕ ਹੀ ਮੰਚ 'ਤੇ ਸਭ ਨੂੰ ਬਿਠਾ ਕੇ ਧੜੇਬਾਜ਼ੀ 'ਤੇ ਪਾਬੰਦੀ ਲਗਾ ਦਿੱਤੀ ਤੇ ਬਿੱਟੂ ਦੇ ਖ਼ਿਲਾਫ਼ ਦਾਅਵੇਦਾਰੀ ਭਰਨ ਵਾਲੇ ਆਗੂਆਂ ਦੇ ਸਾਹਮਣੇ ਵੀ ਸ਼ਕਤੀ ਪ੍ਦਰਸ਼ਨ ਕੀਤਾ।

-ਪਾਂਡੇ 'ਤੇ ਵੀ ਬਿੱਟੂ ਨੇ ਵਿਖਾਏ ਸਮਝੌਤੇ ਦੇ ਸੰਕੇਤ

ਐੱਮਪੀ ਬਿੱਟੂ ਨੇ ਵਿਧਾਇਕ ਰਾਕੇਸ਼ ਪਾਂਡੇ ਨੂੰ ਲੈ ਕੇ ਵੀ ਕਈ ਸੰਕੇਤ ਦਿੱਤੇ। ਜਿਸ ਵਿਚ ਐੱਮਪੀ ਬਿੱਟੂ ਨੇ ਕਿਹਾ ਕਿ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਹਰ ਇਕ ਕਾਂਗਰਸੀ ਨੇਤਾ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਉਨ੍ਹਾਂ ਦੇ ਸੀਨੀਅਰ ਆਗੂ ਹਨ ਤੇ ਕਾਂਗਰਸ ਹਾਈਕਮਾਨ ਜਿਸ ਵੀ ਵਿਅਕਤੀ ਨੂੰ ਟਿਕਟ ਦੇਵੇਗੀ। ਸਾਰੇ ਮਿਲ ਕੇ ਉਸ ਦਾ ਸਾਥ ਦੇਣਗੇ। ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਐੱਮਪੀ ਬਿੱਟੂ ਨਾਲ ਕੋਈ ਧੜੇਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਛੇ ਵਾਰ ਵਿਧਾਇਕ ਬਣਨ ਤੇ ਸੀਨੀਅਰ ਨੇਤਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਨੇ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ। ਇਸ ਦਾ ਸ਼ਿਕਵਾ ਕਾਂਗਰਸ ਸਰਕਾਰ ਦੇ ਨਾਲ ਹੈ, ਐੱਮਪੀ ਬਿੱਟੂ ਦੇ ਨਾਲ ਨਹੀਂ।

-ਜਗਰਾਓਂ ਪੁਲ ਨੂੰ ਲੈ ਕੇ ਕੇਂਦਰ 'ਤੇ ਲਾਇਆ ਨਿਸ਼ਾਨਾ

ਐੱਮਪੀ ਬਿੱਟੂ ਨੇ ਮੀਟਿੰੰਗ ਦੌਰਾਨ ਜਗਰਾਓਂ ਪੁਲ ਦੀ ਉਸਾਰੀ 'ਚ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਾਇਆ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਜਗਰਾਓਂ ਪੁਲ ਦੀ ਉਸਾਰੀ 'ਚ ਦੇਰੀ ਕਰ ਰਹੀ ਹੈ, ਤਾਂ ਕਿ ਇਸ ਉਸਾਰੀ ਨਾਲ ਲੋਕਸਭਾ ਚੋਣਾਂ 'ਚ ਕਾਂਗਰਸ ਨੂੰ ਲਾਭ ਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਕਾਫ਼ੀ ਪੱਤਰ ਵੀ ਲਿਖੇ ਹਨ।