ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ : ਦੇਸ਼ ਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਬਤੌਰ ਗੀਤਕਾਰ ਤੇ ਗਾਇਕ ਮੈਨੂੰ ਬਹੁਤ ਮਾਣ ਦਿੱਤਾ ਹੈ, ਮੈਂ ਉਮੀਦ ਕਰਦਾਂ ਹਾਂ ਕਿ ਸਮੂਹ ਪੰਜਾਬੀ 3 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਉਸ ਦੀ ਪੰਜਾਬੀ ਫਿਲਮ ਕਦੇ ਹਾਂ ਕਦੇ ਨਾਂ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ। ਇਹ ਗੱਲ ਫਿਲਮ ਦੀ ਪ੍ਰਮੋਸ਼ਨ ਲਈ ਅਦਾਕਾਰਾ ਸੰਜਨਾ, ਸਿਮਰਨ ਸਹਿਜਪਾਲ ਅਤੇ ਹੋਰ ਕਲਾਕਾਰਾਂ ਨਾਲ ਲੁਧਿਆਣਾ ਦੇ ਪੈਵੇਲੀਅਨ ਮਾਲ ਪਹੁੰਚੇ ਸਿੰਘਾ ਨੇ ਕਹੀ। ਸਿੰਘਾ ਨੇ ਦੱਸਿਆ ਕਿ ਇਹ ਫਿਲਮ ਵਾਈਕੇਬੀਕੇ 48 ਪੋ੍ਡਕਸ਼ਨ ਹਾਊਸ ਦੀ ਪੇਸ਼ਕਸ਼ ਹੈ ਜਿਸ ਵਿੱਚ ਬੀਐੱਨ ਸ਼ਰਮਾ, ਨਿਰਮਲ ਰਿਸ਼ੀ, ਸੁਮਿਤ ਗੁਲਾਟੀ, ਪ੍ਰਕਾਸ਼ ਗਾਧੂ, ਅਸ਼ੋਕ ਪਾਠਕ, ਹੈਪੀ ਸਿੰਘ, ਰਾਜੇਸ਼ ਸ਼ਰਮਾ, ਸ਼ਿਵਾਨੀ ਠਾਕੁਰ ਅਤੇ ਰਵਿੰਦਰ ਮੰਡ ਸਮੇਤ ਹੋਰ ਕਈ ਕਲਾਕਾਰ ਵੱਖ ਵੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦੇ ਪ੍ਰਡਿਊਸਰ ਪੇ੍ਰਰਨਾ ਸ਼ਰਮਾ, ਯੋਸ਼ੀਆ ਕਾਟੋ ਅਤੇ ਰੋਹਿਤ ਬਖਸ਼ੀ ਹਨ ਜਦ ਕਿ ਫਿਲਮ ਸੁਨੀਲ ਠਾਕੁਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। 32 ਦਿਨਾਂ ਵਿੱਚ ਬਣੀ ਇਸ ਫਿਲਮ ਦੀ ਸ਼ੂਟਿੰਗ ਪਟਿਆਲਾ, ਮੁਹਾਲੀ ਅਤੇ ਚੰਡੀਗੜ੍ਹ ਵਿਖੇ ਕੀਤੀ ਗਈ ਹੈ। ਟਾਈਮਜ਼ ਮਿਊਜ਼ਕ ਦੇ ਸੰਗੀਤ ਨਾਲ ਬਣੀ ਇਸ ਫਿਲਮ ਦੇ ਗੀਤ ਇੱਕ ਦੂਜੇ ਤੋਂ ਵੱਖਰੇ ਹਨ।

ਇਸ ਮੌਕੇ ਗੱਲ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਸੁਨੀਲ ਠਾਕੁਰ ਨੇ ਕਿਹਾ ਕਿ ਪਿਆਰ ਅਤੇ ਕਾਮੇਡੀ ਦਾ ਮਿਸ਼ਰਣ ਫਿਲਮ ਦੀ ਸਮੁੱਚੀ ਟੀਮ ਨੇ ਰੂਹ ਨਾਲ ਕੰਮ ਕੀਤਾ ਹੈ। ਰਿਲੀਜ਼ ਤੋਂ ਪਹਿਲਾਂ ਜਾਰੀ ਕੀਤਾ ਗਿਆ ਫਿਲਮ ਦਾ ਟਰੇਲਰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਫਿਲਮ ਦੀ ਨਾਇਕਾ ਸੰਜਨਾ ਨੇ ਕਿਹਾ ਕਿ ਉਸਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਸ਼ੂਟਿੰਗ ਦੌਰਾਨ ਸਮੁੱਚੀ ਟੀਮ ਨੇ ਪੂਰਾ ਸਹਿਯੋਗ ਦਿੱਤਾ। ਫਿਲਮ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਦਾਕਾਰਾ ਸਿਮਰਨ ਸਹਿਜਪਾਲ ਨੇ ਕਿਹਾ ਕਿ ਇਹ ਇੱਕ ਫੈਮਿਲੀ ਡਰਾਮਾ ਹੈ ਜੋ ਕਿਸੇ ਵੀ ਦਰਸ਼ਕ ਨੂੰ ਨਿਰਾਸ਼ ਨਹੀਂ ਕਰੇਗਾ।

-ਖੇਤੀ ਕਾਨੂੰਨ ਰੱਦ ਹੋਣ ਨਾਲ ਦੁੱਗਣੀ ਹੋਈ ਫਿਲਮ ਦੀ ਖੁਸ਼ੀ-ਸਿੰਘਾ

ਆਪਣੀ ਗੱਲਬਾਤ ਦੌਰਾਨ ਫਿਲਮ ਦੇ ਹੀਰੋ ਸਿੰਘਾ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਹੋਣ ਨਾਲ

ਫਿਲਮ ਦੀ ਖੁਸ਼ੀ ਦੱੁਗਣੀ ਹੋ ਗਈ ਹੈ। ਸਿੰਘਾ ਨੇ ਕਿਹਾ ਕਿ ਇਹ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਗਰਮੀ ਅਤੇ ਸਰਦੀ ਦੀ ਪ੍ਰਵਾਹ ਕੀਤੇ ਬਿਨਾਂ ਡਟੇ ਰਹੇ। ਆਖਰ ਕਿਸਾਨ ਮਜ਼ਦੂਰ ਏਕਤਾ ਉਸ ਵੇਲੇ ਰੰਗ ਲਿਆਈ ਜਦੋਂ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਲੈਣ ਅਤੇ ਰੱਦ ਕਰਨ ਦਾ ਐਲਾਨ ਕਰ ਦਿੱਤਾ। ਲੋਕ ਸਭਾ ਅਤੇ ਰਾਜ ਸਭਾ ਵਿੱਚ ਬਕਾਇਦਾ ਇਹ ਕਾਨੂੰਨ ਰੱਦ ਕਰ ਦਿੱਤੇ ਗਏ।