ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸਬਜ਼ੀ ਖਰੀਦ ਕੇ ਘਰ ਜਾ ਰਹੀ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਕੋਲੋਂ 25 ਹਜ਼ਾਰ ਰੁਪਏ ਦੀ ਨਕਦੀ, ਦੋ ਏਟੀਐਮ ਕਾਰਡ ਤੇ ਮੋਬਾਈਲ ਫੋਨ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੜੀ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਿਵਲ ਲਾਈਨ ਪ੍ਰੇਮ ਨਗਰ ਦੀ ਵਾਸੀ ਰੇਨੂ ਬਾਲਾ (60)ਨੇ ਦੱਸਿਆ ਕਿ ਸ਼ਾਮ ਵੇਲੇ ਐਕਟਿਵਾ ਸਕੂਟਰ 'ਤੇ ਸਵਾਰ ਹੋ ਕੇ ਉਹ ਜਿਸ ਤਰ੍ਹਾਂ ਹੀ ਰੋਜ਼ ਗਾਰਡਨ ਦੇ ਲਾਗੇ ਪਹੁੰਚੇ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਉਨ੍ਹਾਂ ਦਾ ਪਰਸ ਝਪਟ ਲਿਆ। ਔਰਤ ਦੇ ਮੁਤਾਬਕ ਪਰਸ ਵਿਚ 25 ਹਜ਼ਾਰ ਰੁਪਏ ਦੀ ਨਗਦੀ, ਦੋ ਏਟੀਐਮ ਕਾਰਡ ਤੇ ਇਕ ਰੇਡਮੀ ਦਾ ਮੋਬਾਈਲ ਫੋਨ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰਬਰ ਅੱਠ ਦੇ ਏਐੱਸਆਈ ਮਲਕੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਔਰਤ ਦੇ ਬਿਆਨਾਂ ਉਪਰ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Posted By: Sarabjeet Kaur