ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : 4 ਬਦਮਾਸ਼ਾਂ ਵੱਲੋਂ ਇਕ ਘੰਟੇ 'ਚ ਤਿੰਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹੌਜਰੀ ਨੇ ਜਦ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ ਦੇ ਸਿਰ 'ਚ ਰਾਡ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਆਲੇ-ਦੁਆਲੇ ਦੇ ਲੋਕਾਂ ਨੇ ਦੋ ਬਦਮਾਸ਼ਾਂ ਨੂੰ ਮੌਕੇ ਤੋਂ ਹੀ ਕਾਬੂ ਕਰ ਕੇ ਥਾਣਾ ਦਰੇਸੀ ਦੀ ਪੁਲਿਸ ਹਵਾਲੇ ਕੀਤਾ।

ਥਾਣਾ ਦਰੇਸੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਦੇ ਫ਼ਰਾਰ ਹੋਏ 2 ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਚਾਰ ਬਦਮਾਸ਼ਾਂ ਨੇ ਐਤਵਾਰ ਦੁਪਹਿਰੇ ਸਾਢੇ ਤਿੰਨ ਵਜੇ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਜਲੇਬੀ ਚੌਕ 'ਚ 20 ਸਾਲਾਂ ਮੁਟਿਆਰ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਸ ਕੋਲੋਂ ਮੋਬਾਈਲ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਬਦਮਾਸ਼ ਕਾਕੋਵਾਲ ਚੌਕ ਪਹੁੰਚ ਗਏ, ਜਿੱਥੇ ਮੁਲਜ਼ਮਾਂ ਨੇ ਇਕ ਨੌਜਵਾਨ ਕੋਲੋਂ ਮੋਬਾਈਲ ਲੁੱਟਿਆ। ਕਾਕੋਵਾਲ ਰੋਡ ਤੋਂ ਫ਼ਰਾਰ ਹੋਏ ਬਦਮਾਸ਼ ਸ਼ਿਵਪੁਰੀ ਚੌਕ ਵਿੱਚ ਆ ਗਏ, ਜਿੱਥੇ ਇਨ੍ਹਾਂ ਨੇ ਹਰੀਸ਼ ਕੁਮਾਰ ਨਾਮ ਦੇ ਵਿਅਕਤੀ ਕੋਲੋਂ 5 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।

-ਵਿਰੋਧ ਕਰਨ 'ਤੇ ਹੌਜ਼ਰੀ ਮਾਲਕ ਦੇ ਸਿਰ 'ਚ ਮਾਰੀ ਰਾਡ

ਹੌਜ਼ਰੀ 'ਚ ਕੰਮ ਕਰਨ ਵਾਲੇ ਹਰੀਸ਼ ਕੁਮਾਰ ਨੇ ਆਪਣੇ ਮਾਲਕ ਕਮਲਜੀਤ ਸਿੰਘ ਨੂੰ ਵਾਰਦਾਤ ਸਬੰਧੀ ਸੂਚਨਾ ਦਿੱਤੀ। ਤੁਰੰਤ ਮੌਕੇ 'ਤੇ ਪੁੱਜੇ ਕਮਲਜੀਤ ਸਿੰਘ ਨੇ ਹਰੀਸ਼ ਕੁਮਾਰ ਨੂੰ ਨਾਲ ਲਿਆ ਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕੀਤੀ। ਕਮਲਜੀਤ ਤੇ ਹਰੀਸ਼ ਨੇ ਦੇਖਿਆ ਕਿ ਬਦਮਾਸ਼ ਤਿੰਨ ਗਲੀਆਂ ਛੱਡ ਕੇ ਇਲਾਕੇ 'ਚ ਹੀ ਘੁੰਮ ਰਹੇ ਸਨ। ਕਮਲਜੀਤ ਸਿੰਘ ਨੇ ਜਦ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਚੋਂ ਇਕ ਨੇ ਕਮਲਜੀਤ ਸਿੰਘ ਦੇ ਸਿਰ ਵਿੱਚ ਰਾਡ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਹਰੀਸ਼ ਤੇ ਕਮਲਜੀਤ ਨੇ ਰੌਲਾ ਪਾਉਂਣਾ ਸ਼ੁਰੂ ਕੀਤਾ। ਇਸੇ ਦੌਰਾਨ ਇਲਾਕਾ ਵਾਸੀ ਇੱਕਠੇ ਹੋ ਗਏ ਤੇ ਮੌਕੇ ਤੇ ਹੀ 2 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੇ ਇੰਚਾਰਜ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁਲਜਮਾਂ ਦੇ 2 ਸਾਥੀਆਂ ਨੂੰ ਵੀ ਜਲਦੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ।