ਪੱਤਰ ਪੇ੍ਰਕ, ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਅਮਨ ਨਗਰ ਇਲਾਕੇ 'ਚ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਰਾਹਗੀਰਾਂ ਨੂੰ ਧਮਕਾ ਕੇ ਮੋਬਾਈਲ ਲੁੱਟ ਲਿਆ। ਉਕਤ ਮਾਮਲੇ 'ਚ ਪੀੜਤ ਵੱਲੋਂ ਬਾਈਕ ਨੰਬਰ ਨੋਟ ਕਰ ਕੇ ਪੁਲਿਸ ਹਵਾਲੇ ਕੀਤੇ ਗਏ ਹਨ। ਲੁੱਟ ਦਾ ਸ਼ਿਕਾਰ ਹੋਏ ਸੁਭਾਸ਼ ਨਗਰ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਸ਼ਾਮ ਕਰੀਬ ਸਾਢੇ ਚਾਰ ਵਜੇ ਉਹ ਆਪਣੇ ਮਾਲਕ ਅਭਿਸ਼ੇਕ ਖੰਨਾ ਨਾਲ ਮੋਟਰਸਾਈਕਲ 'ਤੇ ਅਮਨ ਨਗਰ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਅਮਨ ਨਗਰ ਜੀਟੀ ਰੋਡ ਮੋੜ ਨੇੜੇ ਪੁੱਜੇ ਤਾਂ ਪਿੱਛੇ ਤੋਂ 2 ਬਾਈਕਾਂ 'ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਰਾਹ 'ਚ ਰੋਕਿਆ ਤੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਬਾਈਕ ਸਵਾਰਾਂ ਨੇ ਪੀੜਤ ਦੇ ਹੱਥ 'ਚ ਫੜਿਆ ਮੋਬਾਈਲ ਖੋਹ ਲਿਆ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ 'ਚ ਪੀੜਤ ਵੱਲੋਂ ਬਦਮਾਸ਼ਾਂ ਦੇ ਦੋਵਾਂ ਬਾਈਕਾਂ ਦੇ ਨੰਬਰ ਨੋਟ ਕਰ ਕੇ ਪੁਲਿਸ ਨੂੰ ਦੇ ਦਿੱਤੇ ਗਏ ਹਨ। ਸਹਾਇਕ ਥਾਣੇਦਾਰ ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਦੀਆਂ ਫੁਟੇਜ ਹਾਸਲ ਕਰ ਕੇ ਬਦਮਾਸ਼ਾਂ ਦੀ ਸ਼ਨਾਖਤ ਤੇ ਗਿ੍ਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤਾ ਗਿਆ ਹੈ।