ਜੇਐੱਨਐੱਨ, ਰਾਏਕੋਟ : ਬੀਤੀ ਰਾਤ ਨੇੜਲੇ ਪਿੰਡ ਬਸਰਾਵਾਂ 'ਚ ਕਿਸੇ ਅਣਪਛਾਤੇ ਵਿਅਕਤੀ ਨੇ ਪਿੰਡ 'ਚ ਆਪਣੇ ਮਕਾਨ 'ਚ ਰਹਿੰਦੇ ਮਾਂ ਤੇ ਉਸ ਦੇ ਅਪਾਹਜ ਪੁੱਤਰ ਨੂੰ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਿ੍ਤਕਾ ਗੁਰਜੀਤ ਕੌਰ (55) ਪਤਨੀ ਸਵਰਗੀ ਅਮਰੀਕ ਸਿੰਘ ਤੇ ਉਸ ਦਾ ਅਪਾਹਜ ਪੁੱਤਰ ਪ੍ਰਦੀਪ ਸਿੰਘ (26) ਇਕ ਕਮਰੇ ਵਾਲੇ ਮਕਾਨ 'ਚ ਇਕੱਲੇ ਹੀ ਰਹਿੰਦੇ ਸਨ।

ਸ਼ਨਿਚਰਵਾਰ ਸਵੇਰੇ 11 ਵਜੇ ਜਦੋਂ ਰਿਸ਼ਤੇਦਾਰੀ 'ਚੋਂ ਆਈ ਇਕ ਲੜਕੀ ਨੇ ਉਨ੍ਹਾਂ ਦੇ ਘਰ ਦਾ ਗੇਟ ਖੜਕਾਇਆ ਤਾਂ ਕਾਫ਼ੀ ਦੇਰ ਤਕ ਕਿਸੇ ਦੇ ਬਾਹਰ ਨਾ ਆਉਣ 'ਤੇ ਉਸ ਨੇ ਨੇੜੇ ਹੀ ਮਨਰੇਗਾ ਤਹਿਤ ਕੰਮ ਕਰ ਰਹੀਆਂ ਕੁਝ ਔਰਤਾਂ ਕੋਲੋਂ ਮਦਦ ਮੰਗੀ ਜਿਸ 'ਤੇ ਗੁਰਮੀਤ ਕੌਰ ਨੇ ਘਰ ਦੇ ਪਿਛਲੇ ਖੁੱਲ੍ਹੇ ਹਿੱਸੇ 'ਚੋਂ ਅੰਦਰ ਜਾ ਕੇ ਵੇਖਿਆ ਤਾਂ ਘਰ 'ਚ ਬਣੇ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ, ਜਦੋਂ ਉਸ ਨੇ ਖਿੜਕੀ 'ਚੋਂ ਅੰਦਰ ਵੇਖਿਆ ਤਾਂ ਕਮਰੇ 'ਚ ਮਾਂ ਪੁੱਤ ਦੀਆਂ ਲਾਸ਼ਾਂ ਨਜ਼ਰ ਆਈਆਂ। ਲੜਕੀ ਵੱਲੋਂ ਰੌਲ਼ਾ ਪਾਉਣ 'ਤੇ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ ਤੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ।

ਥਾਣਾ ਸਦਰ ਮੁਖੀ ਇੰਸਪੈਕਟਰ ਨਿਧਾਨ ਸਿੰਘ ਤੇ ਥਾਣਾ ਸਿਟੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਮਾਂ ਦੀ ਲਾਸ਼ ਕਮਰੇ 'ਚ ਮੰਜੀ 'ਤੇ ਪਈ ਸੀ ਤੇ ਪੁੱਤਰ ਦੀ ਲਾਸ਼ ਜ਼ਮੀਨ 'ਤੇ ਪਈ ਸੀ, ਦੋਵਾਂ ਲਾਸ਼ਾਂ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ।

ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਐੱਸਐੱਸਪੀ ਸੰਦੀਪ ਗੋਇਲ, ਡੀਐੱਸਪੀ ਦਿਲਬਾਗ਼ ਸਿੰਘ ਵੀ ਮੌਕੇ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਮੌਕੇ 'ਤੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਮਾਂ ਪੁੱਤਰ ਕਾਫ਼ੀ ਗ਼ਰੀਬ ਸਨ ਤੇ ਉਨ੍ਹਾਂ ਕੋਲ ਚਾਰ ਵਿੱਘੇ ਜ਼ਮੀਨ ਸੀ, ਜਿਸ ਦਾ ਠੇਕਾ ਬੀਤੇ ਦਿਨ ਹੀ ਮਿਲਿਆ ਦੱਸਿਆ ਜਾ ਰਿਹਾ ਸੀ। ਪੁਲਿਸ ਵੱਲੋਂ ਨੇੜੇ ਹੀ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੇਖਿਆ ਜਾ ਰਿਹਾ ਹੈ।