ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਥਾਣਾ ਮੋਤੀ ਨਗਰ ਦੇ ਅਧੀਨ ਆਉਂਦੀ ਵਿਸ਼ਵਕਰਮਾ ਕਾਲੋਨੀ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉੱਥੋਂ ਦੇ ਇੱਕ ਵਿਹੜੇ ਵਿੱਚ ਰਹਿਣ ਵਾਲੀ ਔਰਤ ਨੇ ਆਪਣੀ 13 ਸਾਲਾਂ ਦੀ ਬੇਟੀ ਨਾਲ ਜਬਰ ਜਨਾਹ ਹੋਣ ਦੀ ਗੱਲ ਆਖੀ।

ਔਰਤ ਨੇ ਆਖਿਆ ਕਿ ਗੁਆਂਢ ਦੀ ਝੁੱਗੀ ਵਿੱਚ ਰਹਿਣ ਵਾਲੇ ਲੜਕੇ ਨੇ ਚਾਕੂ ਦੀ ਨੋਕ 'ਤੇ ਅਗਵਾ ਕਰਨ ਤੋਂ ਬਾਅਦ ਉਸ ਨਾਲ ਜਬਰ ਜਨਾਹ ਕੀਤਾ। ਮਾਮਲੇ ਸਬੰਧੀ ਪਤਾ ਲੱਗਦੇ ਹੀ ਆਲੇ ਦੁਆਲੇ ਦੇ ਲੋਕ ਬੇਹੱਦ ਗੁੱਸੇ ਵਿੱਚ ਆ ਗਏ। ਲੋਕਾਂ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਜਾਣਕਾਰੀ ਤੋਂ ਬਾਅਦ ਥਾਣਾ ਮੋਤੀ ਨਗਰ ਦੇ ਏਐਸਆਈ ਸੁਰਿੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਲੜਕੇ ਨੂੰ ਹਿਰਾਸਤ ਵਿੱਚ ਲਿਆ। ਲੜਕੀ ਦੀ ਮਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸਦੀ 13 ਸਾਲਾਂ ਦੀ ਨਾਬਾਲਗ ਧੀ ਫੋਕਲ ਪੁਆਇੰਟ ਦੇ ਫੇਸ ਚਾਰ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਉਹ ਖੁਦ ਇਲਾਕੇ ਵਿਚ ਚਾਹ ਦੀ ਦੁਕਾਨ ਚਲਾਉਂਦੀ ਹੈ । ਗੁਆਂਢ ਵਿਚ ਰਹਿਣ ਵਾਲਾ ਲੜਕਾ ਅਕਸਰ ਉਸਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ।

ਰਾਤ ਨੂੰ ਸਾਢੇ ਅੱਠ ਵਜੇ ਦੇ ਕਰੀਬ ਉਸ ਦੀ ਬੇਟੀ ਚਾਹ ਵਾਲੀ ਦੁਕਾਨ ਤੋਂ ਖਾਣਾ ਖਾਣ ਲਈ ਘਰ ਗਈ । ਮੁਲਜਮ ਵੱਲੋਂ ਭੇਜੇ ਗਏ ਦੋ ਵਿਅਕਤੀਆਂ ਨੇ ਚਾਕੂ ਦੀ ਨੋਕ ਤੇ ਲੜਕੀ ਨੂੰ ਮੋਟਰਸਾਈਕਲ ਤੇ ਅਗਵਾ ਕਰ ਲਿਆ। ਔਰਤ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਲੜਕੀ ਦਾ ਮੂੰਹ ਬੰਨ੍ਹ ਕੇ ਉਸ ਨੂੰ ਵੀਰਾਨ ਥਾਂ 'ਤੇ ਲਿਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ । ਕੁਝ ਰਾਹਗੀਰ ਜਦ ਉਥੋਂ ਲੰਘੇ ਤਾਂ ਉਨ੍ਹਾਂ ਨੇ ਲੜਕੀ ਨੂੰ ਅਰਧ ਨਗਨ ਹਾਲਤ ਵਿਚ ਦੇਖ ਕੇ ਉਸ ਨੂੰ ਕੱਪੜਾ ਦਿੱਤਾ ਅਤੇ ਉਸ ਨੂੰ ਘਰ ਪਹੁੰਚਾਇਆ।

ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਬੇਹੱਦ ਡਰ ਚੁੱਕੇ ਸਨ, ਪਰ ਹਿੰਮਤ ਕਰ ਕੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ । ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੇ ਇੰਚਾਰਜ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ।

Posted By: Jagjit Singh