ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਵਿਗਿਆਨੀ ਜਿਨ੍ਹਾਂ ਨੂੰ ਖੋਜ ਲਈ ਵਿਦੇਸ਼ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਉਹ ਸਨ ਡਾ. ਖੇਮ ਸਿੰਘ ਗਿੱਲ। 89 ਸਾਲਾ ਦੀ ਉਮਰ ਭੋਗ ਕੇ ਮਾਮੂਲੀ ਬੀਮਾਰੀ ਤੋਂ ਬਾਅਦ ਮੰਗਲਵਾਰ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਵੱਲੋਂ ਆਪਣੇ ਖੋਜ ਕਾਰਜ ਸਦਕਾ ਖੇਤੀ ਜਗਤ ਵਿਚ ਪਾਏ ਗਏ ਯੋਗਦਾਨ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ। ਕਾਲੇਕੇ (ਮੋਗਾ) ਦੇ ਜੰਮਪਲ ਡਾ. ਖੇਮ ਸਿੰਘ ਗਿੱਲ ਨੇ ਬੀਐੱਸਸੀ ਖਾਲਸਾ ਕਾਲਜ ਅੰਮਿ੍ਤਸਰ ਤੋਂ 1949 ਵਿਚ ਅਤੇ ਐੱਮਐੱਸਸੀ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ 1952 ਵਿਚ ਕੀਤੀ।

1962 ਵਿਚ ਪੀਏਯੂ ਦੀ ਸਥਾਪਨਾ ਸਮੇਂ ਡਾ. ਗਿੱਲ ਮੁੱਢਲੇ ਅਮਲੇ ਦੇ ਮੈਂਬਰਾਂ 'ਚੋਂ ਇਕ ਸਨ। ਕੈਲੇਫੋਰਨੀਆ ਯੂਨੀਵਰਸਿਟੀ ਤੋਂ ਅਲਸੀ 'ਤੇ ਪੀਐੱਚਡੀ ਕਰਨ ਉਪਰੰਤ 1966 ਵਿਚ ਵਤਨ ਪਰਤ ਕੇ ਉਨ੍ਹਾਂ ਨੇ ਪੀਏਯੂ ਦੇ ਹਿਸਾਰ ਕੈਂਪਸ ਵਿਚ ਜੈਨੇਟਿਕਸ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਵਜੋਂ ਅਹੁਦਾ ਸੰਭਾਲਿਆ। 25 ਮਈ 1968 ਨੂੰ ਡਾ. ਖੇਮ ਸਿੰਘ ਗਿੱਲ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਵਜੋਂ ਨਿਯੁਕਤ ਹੋਏ। ਉਨ੍ਹਾਂ ਆਪਣੀ ਖੇਤੀ ਖੋਜ ਦੌਰਾਨ ਕਣਕ, ਬਾਜਰਾ ਅਤੇ ਹੋਰ ਫ਼ਸਲਾਂ ਦੀਆਂ 30 ਤੋਂ ਵਧੇਰੇ ਕਿਸਮਾਂ ਨੂੰ ਹਰੀ ਕ੍ਰਾਂਤੀ ਲਈ ਖੋਜਿਆ। ਉਨ੍ਹਾਂ ਵੱਲੋਂ ਤਿਆਰ ਕੀਤੀ ਡਬਲਿਊਐੱਲ 711 ਕਿਸਮ ਜੋ ਪੰਜਾਬ ਅਤੇ ਬਾਕੀ ਭਾਰਤ ਵਿਚ ਰਿਲੀਜ਼ ਹੋਈ, ਵੱਧ ਝਾੜ ਦੇਣ ਵਾਲੀ ਐਸੀ ਕਣਕ ਦੀ ਦਰਮਿਆਨੀ ਕਿਸਮ ਸੀ ਜਿਸ ਨੇ ਪੰਜਾਬ ਨੂੰ ਭਾਰਤ ਵਿਚ ਕਣਕ ਉਤਪਾਦਨ ਦਾ ਗੜ੍ਹ ਬਣਾ ਦਿੱਤਾ। ਜੇ ਅੱਜ ਪੰਜਾਬ ਕਣਕ ਦਾ 21 ਫ਼ੀਸਦੀ ਪੈਦਾ ਕਰਦਾ ਹੈ ਤਾਂ ਇਸ ਦਾ ਸਿਹਰਾ ਡਾ. ਗਿੱਲ ਦੇ ਸਿਰ ਬੱਝਦਾ ਹੈ। ਪੀਏਯੂ ਨੇ ਇਨ੍ਹਾਂ ਦੇ ਨਾਂ 'ਤੇ ਕਿਸਾਨ ਸੇਵਾ ਕੇਂਦਰ ਦਾ ਨਾਮਕਰਨ ਵੀ ਕੀਤਾ ਹੈ।

ਡਾ. ਗਿੱਲ ਨੂੰ 1976 ਵਿਚ ਰਫ਼ੀ ਅਹਿਮਦ ਕਿਦਵਈ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਤੋਂ ਬਿਨਾਂ 1981 ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਟੀਮ ਖੋਜ ਐਵਾਰਡ, 1985 ਵਿਚ ਫਿੱਕੀ ਐਵਾਰਡ, 1981, 1987 ਅਤੇ 1991 ਵਿਚ ਅਮਰੀਕੀ ਸਰਕਾਰ ਦੇ ਖੇਤੀਬਾੜੀ ਵਿਭਾਗ ਵਾਸ਼ਿੰਗਟਨ ਵੱਲੋਂ ਐਪਰੀਸੀਏਸ਼ਨ ਐਵਾਰਡ, ਸਿਮਟ ਮੈਕਸੀਕੋ ਵੱਲੋਂ 1973 ਅਤੇ 1993 ਵਿਚ ਕਣਕ ਖੋਜ ਲਈ ਮੈਡਲ ਅਤੇ ਬੋਰਡ ਦੇ ਟਰੱਸਟੀ ਵਜੋਂ ਸਨਮਾਨ, ਆਈਸੀਏਆਰ ਵੱਲੋਂ 1991 ਵਿਚ ਗੋਲਡਨ ਜੁਬਲੀ ਸਨਮਾਨ ਅਤੇ ਤੇਲ ਬੀਜਾਂ ਬਾਰੇ ਭਾਰਤੀ ਸੁਸਾਇਟੀ ਵੱਲੋਂ 1993 ਵਿਚ ਸਿਲਵਰ ਜੁਬਲੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀਆਂ ਖੇਤੀ ਲਈ ਸੇਵਾਵਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 1992 ਵਿਚ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ।

ਡਾ. ਖੇਮ ਸਿੰਘ ਗਿੱਲ ਸੇਵਾ ਮੁਕਤੀ ਤੋਂ ਬਾਅਦ ਵੀ ਸਿੱਖਿਆ ਨੂੰ ਸਮਰਪਿਤ ਰਹੇ। ਬਾਬਾ ਇਕਬਾਲ ਸਿੰਘ ਨਾਲ ਮਿਲ ਕੇ ਉਨ੍ਹਾਂ ਕਲਗੀਧਰ ਟਰੱਸਟ ਬੜੂ ਸਾਹਿਬ ਸਥਾਪਤ ਕੀਤਾ ਅਤੇ ਅਕਾਲ ਅਕੈਡਮੀਆਂ ਦੇ ਨਿਰਦੇਸ਼ਕ ਵਜੋਂ ਸੇਵਾ ਨਿਭਾਉਂਦੇ ਰਹੇ। 1993 ਵਿਚ ਪਹਿਲੀ ਅਕਾਲ ਅਕੈਡਮੀ ਸਥਾਪਤ ਹੋਣ ਤੋਂ ਲੈ ਕੇ ਹੁਣ ਤਕ ਇਸ ਦੀਆਂ 117 ਸ਼ਾਖਾਵਾਂ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਯੂਪੀ ਵਿਚ ਫੈਲ ਕੇ ਸਿੱਖਿਆ ਦਾ ਚਾਨਣ ਫੈਲਾ ਰਹੀਆਂ ਹਨ। ਪੀਏਯੂ ਦੇ ਮੌਜੂਦਾ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਨੇ ਆਪਣੇ ਸੰਦੇਸ਼ ਰਾਹੀਂ ਡਾ. ਖੇਮ ਸਿੰਘ ਗਿੱਲ ਨੂੰ ਬਿਹਤਰੀਨ ਮਨੁੱਖ, ਸਿਰੜੀ ਵਿਗਿਆਨੀ, ਖੇਤੀ ਖੋਜੀ ਅਤੇ ਬੇਮਿਸਾਲ ਪ੍ਰਸ਼ਾਸਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਦੁਨੀਆ ਦਾ ਬਹੁਤ ਸ਼ਾਨਦਾਰ ਮਨੁੱਖ ਅਤੇ ਖੇਤੀ ਵਿਗਿਆਨੀ ਤੋਂ ਇਹ ਜਗਤ ਵਾਂਝਾ ਹੋ ਗਿਆ ਹੈ।