ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ 'ਚ 15 ਜੂਨ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜਦ ਕਿ 17 ਤੇ 18 ਜੂਨ ਨੂੰ ਮੌਸਮ ਖ਼ੁਸ਼ਕ ਰਹੇਗਾ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ.ਕੁਲਵਿੰਦਰ ਕੌਰ ਗਿੱਲ ਨੇ ਸਾਂਝੀ ਕੀਤੀ। ਪੰਜਾਬ ਵਿੱਚ 17 ਦਿਨ ਪਹਿਲਾਂ ਹੀ ਮੌਨਸੂਨ ਦੇ ਦਸਤਕ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ ਜਦੋਂ ਏਨੀ ਛੇਤੀ ਸੂਬੇ ਵਿਚ ਮੌਨਸੂਨ ਦਾਖ਼ਲ ਹੋਇਆ ਹੋਵੇ।

ਉਨ੍ਹਾਂ ਦੱਸਿਆ ਕਿ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਦੋ ਸ਼ਾਖਾਵਾਂ ਨਿਕਲਦੀਆਂ ਹਨ ਅਤੇ ਉਹ ਦਿੱਲੀ ਆ ਕੇ ਇਕੱਠੀਆਂ ਹੋ ਜਾਂਦੀਆਂ ਹਨ ਪਰ ਇਸ ਵਾਰ ਕੇਵਲ ਇੱਕੋ ਸ਼ਾਖਾ ਬੰਗਾਲ ਦੀ ਖਾੜੀ ਸਰਗਰਮ ਰਹੀ ਜਦ ਕਿ ਦੂਜੀ ਸ਼ਾਖਾ ਦਿੱਲੀ ਆਈ ਹੀ ਨਹੀਂ ਜਿਸ ਕਾਰਨ ਮੌਨਸੂਨ ਪੂਰਬ ਵਾਲੇ ਪਾਸੇ ਅੰਮਿ੍ਤਸਰ ਤੋਂ ਪੰਜਾਬ ਵਿਚ ਦਾਖ਼ਲ ਹੋਇਆ।

ਉਨ੍ਹਾਂ ਦੱਸਿਆ ਕਿ ਇਹ ਬਾਰਿਸ਼ ਝੋਨੇ ਦੀ ਪਨੀਰੀ ਲਾਉਣ ਲਈ ਅਤੇ ਲੱਗੇ ਹੋਏ ਨਰਮੇ ਦੇ ਨਾਲ-ਨਾਲ ਫਲਾਂ ਦੇ ਬਾਗ਼ਾਂ ਲਈ ਬਹੁਤ ਲਾਹੇਵੰਦ ਹੈ। ਡਾ.ਗਿੱਲ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੀ ਬਾਰਿਸ਼ ਨਾਲ ਪਾਣੀ ਦੀ ਪੂਰਤੀ ਹੋਣ ਕਾਰਨ ਸਾਉਣੀ ਦੀਆਂ ਫ਼ਸਲਾਂ ਲਈ ਵੀ ਇਹ ਫ਼ਾਇਦੇਮੰਦ ਰਹੇਗੀ ਜਿਸ ਨਾਲ ਝਾੜ ਵੀ ਵੱਧ ਮਿਲੇਗਾ।