ਸੰਜੀਵ ਗੁਪਤਾ, ਰਘਵੀਰ ਜੱਗਾ, ਜਗਰਾਓਂ/ਰਾਏਕੋਟ : 14 ਸਾਲ ਪਹਿਲਾਂ ਧਰਤੀ ਮਾਂ ਦੀ ਕੁੱਖ ਵਿਚ ਅੱਗ ਦੇ ਭਾਂਬੜ ਮੱਚਦੇ ਦੇਖ ਆਪਣੀ 20 ਏਕੜ ਖੇਤੀ ਦੌਰਾਨ ਕਦੇ ਵੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਤੁਹੱਈਆ ਕਰਨ ਵਾਲਾ ਪਿੰਡ ਰਾਜੋਆਣਾ ਕਲਾਂ ਦਾ ਪੜਿ੍ਹਆ ਲਿਖਿਆ ਕਿਸਾਨ ਜਗਦੀਪ ਸਿੰਘ ਅੱਜ ਚੋਖਾ ਲਾਭ ਕਮਾ ਰਿਹਾ ਹੈ। ਇਹੀ ਨਹੀਂ ਉਸ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਜਗਾਈ ਅਲਖ ਪੂਰੇ ਪਿੰਡ ਵਿਚ ਜਾਗਰੂਕਤਾ ਦੀਆਂ ਲਾਟਾਂ ਛੱਡ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਪਿੰਡ ਵਿਚ ਸ਼ਾਇਦ ਹੀ ਕੋਈ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਂਦਾ ਹੋਵੇ। ਕਿਸਾਨ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਸਾਲ 2005 ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਦੀ ਖੇਤ ਵਿਚ ਹੀ ਸਾਂਭ-ਸੰਭਾਲ ਕਰਦਾ ਆ ਰਿਹਾ ਹਾਂ। ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਮਿਲੇ ਥਾਪੜੇ ਨੇ ਉਸ ਦੀ ਇੱਛਾ ਸ਼ਕਤੀ ਨੂੰ ਹੋਰ ਮਜ਼ਬੂਤ ਕੀਤਾ। ਦਿ੍ੜ ਇਰਾਦੇ ਅਤੇ ਸਹੀ ਜਾਣਕਾਰੀ ਉਸ ਲਈ ਇੰਨੀ ਲਾਹੇਵੰਦ ਸਾਬਤ ਹੋਈ ਕਿ ਪਰਾਲੀ ਨੂੰ ਖੇਤ ਵਿਚ ਹੀ ਵਾਹੁਣ ਅਤੇ ਖਾਦ ਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਨਾਲ ਉਸ ਨੂੰ ਹਰ ਵਰ੍ਹੇ 5 ਫੀਸਦੀ ਵੱਧ ਝਾੜ ਮਿਲ ਰਿਹਾ ਹੈ।

ਹੋਰਨਾਂ ਕਿਸਾਨਾਂ ਲਈ ਵੀ ਕੀਤੇ ਉਪਰਾਲੇ

ਕਿਸਾਨ ਜਗਦੀਪ ਨੇ ਸਫਲਤਾ ਵੱਲ ਵਧਦਿਆਂ ਕਿਸਾਨ ਭਰਾਵਾਂ ਲਈ ਵੀ ਉਪਰਾਲੇ ਕੀਤੇ। ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਦੀ ਪਰਾਲੀ ਪ੍ਰਬੰਧਨ ਸਕੀਮ ਦਾ ਲਾਭ ਲੈਂਦਿਆਂ 2018 ਵਿਚ ਕਿਸਾਨ ਸੇਵਾ ਸੈਂਟਰ ਨਾਂ ਦਾ 'ਕਸਟਮ ਹਾਈਰਿੰਗ ਸੈਂਟਰ' ਖੋਲਿਆ ਗਿਆ, ਜਿਸ ਤੋਂ ਕਿਸਾਨ ਖੇਤੀ ਮਸ਼ੀਨਰੀ ਵਾਜਬ ਕੀਮਤ 'ਤੇ ਕਿਰਾਏ 'ਤੇ ਚਲਾਉਣ ਲਈ ਲੈ ਸਕਦੇ ਹਨ।