ਲਖਵਿੰਦਰ ਸਿੰਘ ਨਸਰਾਲੀ, ਦੋਰਾਹਾ :

ਸਥਾਨਕ ਪੁਲਿਸ ਨੇ ਲੁੱਟ-ਖੋਹ ਕਰਨ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 8 ਮੋਬਾਈਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਥਾਣੇਦਾਰ ਨਛੱਤਰ ਸਿੰਘ ਦੋਰਾਹਾ ਦੇ ਐੱਸਆਈ ਅਮਰ ਸਿੰਘ ਦੋਰਾਹਾ ਪੁਲਿਸ ਪਾਰਟੀ ਦੋਰਾਹਾ ਕੋਲ ਉਦਗਰ ਰਾਏ ਪੁੱਤਰ ਕਾਲੀ ਰਾਏ ਵਾਸੀ ਨੰਦਪੁਰ ਸਾਹਨੇਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨਦੀਪ ਸਿੰਘ ਉਰਫ ਅਮਨ, ਸੰਤੋਖ ਸਿੰਘ ਉਰਫ ਗੋਲਡੀ ਤੇ ਸੋਹਣ ਸਿੰਘ ਉਰਫ ਰੋਡਾ ਵਾਸੀ ਪਿੰਡ ਰਾਜਗੜ੍ਹ, ਨੇ ਟੀ-ਪੁਆਇੰਟ ਰਾਜਗੜ੍ਹ ਜੀਟੀ ਰੋਡ ਦੋਰਾਹਾ 'ਤੇ ਉਸਦੀ ਗਰਦਨ 'ਤੇ ਤਿੱਖਾ ਦਾਹ ਵਰਗਾ ਹਥਿਆਰ ਰੱਖ ਕੇ ਉਸ ਕੋਲੋਂ 7500 ਰੁਪਏ, ਹੋਰ ਨਕਦੀ ਤੇ ਮੋਬਾਇਲ ਨਾਲ ਹੀ ਉਸ ਦੇ ਭਰਾ ਰਾਮੂ ਦੀਨ ਕੋਲੋਂ 6300 ਰੁਪਏ, ਕਾਗਜ਼ਾਤ ਤੇ ਮੋਬਾਈਲ ਡਰਾ ਧਮਕਾ ਕੇ ਖੋਹ ਲਏ, ਜਿਸ ਤਹਿਤ ਪੁਲਿਸ ਵੱਲੋਂ ਤਫਤੀਸ਼ ਦੌਰਾਨ ਪਿੰਡ ਰਾਜਗੜ੍ਹ ਨੇੜੇ ਉਕਤ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ, ਜਿਨ੍ਹਾਂ ਕੋਲੋਂ ਵੱਖ-ਵੱਖ ਕੰਪਨੀਆਂ ਦੇ 8 ਮੋਬਾਈਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ।