ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸੀਆਈਏ ਵਨ ਤੇ ਕਮਿਸ਼ਨਰ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਨਕਾਬਪੋਸ਼ ਦੋ ਲੁਟੇਰਿਆਂ ਨੇ ਨੌਜਵਾਨ ਦਾ ਮੋਬਾਈਲ ਫੋਨ ਲੁੱਟ ਲਿਆ। ਇਸ ਮਾਮਲੇ ਵਿਚ ਥਾਣਾ ਡਵੀਜਨ ਨੰਬਰ ਪੰਜ ਦੀ ਪੁਲਿਸ ਨੇ ਨਿਊ ਕੁੰਦਨਪੁਰੀ ਸਿਵਲ ਲਾਈਨ ਦੇ ਵਾਸੀ ਗੌਰਵ ਸੱਗੀ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗੌਰਵ ਨੇ ਦੱਸਿਆ ਕਿ ਉਹ ਬੁੱਧਵਾਰ ਬੀਤੀ ਰਾਤ ਸਾਢੇ ਦਸ ਵਜੇ ਦੇ ਕਰੀਬ ਘਰ ਤੋਂ ਸਾਈਕਲਿੰਗ ਕਰਨ ਲਈ ਗਿਆ। ਜਦ ਉਹ ਪੀਏਯੂ ਵਾਲੀ ਸਾਈਡ ਤੋਂ ਭਾਰਤ ਨਗਰ ਚੌਕ ਵੱਲ ਜਾਣ ਲੱਗਾ ਤਾਂ ਸੀਆਈਏ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਉਸ ਨੂੰ ਨਕਾਬਪੋਸ਼ ਦੋ ਨੌਜਵਾਨ ਮਿਲੇ ਜਿਨ੍ਹਾਂ ਨੇ ਡਰਾ-ਧਮਕਾ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਨੌਜਵਾਨ ਮੁਤਾਬਕ ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਲੁਟੇਰੇ ਫ਼ਰਾਰ ਹੋ ਗਏ। ਜਦ ਉਸ ਨੇ ਲੁਟੇਰਿਆਂ ਦੇ ਮੋਟਰਸਾਈਕਲ ਦੇ ਨੰਬਰ 'ਤੇ ਝਾਤੀ ਮਾਰੀ ਤਾਂ ਮੋਟਰਸਾਈਕਲ ਉੱਪਰ ਨੰਬਰ ਹੀ ਨਹੀਂ ਸੀ। ਇਸ ਮਾਮਲੇ ਵਿਚ ਥਾਣਾ ਡਵੀਜਨ ਨੰਬਰ ਪੰਜ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਏਐੱਸਆਈ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

---