ਜਸਵੀਰ ਸਿੰਘ ਬੰਗਾ, ਲੁਧਿਆਣਾ

ਵਿਧਾਨ ਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਵਰ ਵੱਲੋਂ ਅੱਜ 100 ਲਾਭਪਾਤਰੀਆਂ ਨੂੰ 25 ਲੱਖ ਰੁਪਏ ਦੇ ਚੈੱਕ ਸੌਂਪੇ ਗਏ, ਜਿਨ੍ਹਾਂ ਦੇ ਘਰ ਦੀਆਂ ਛੱਤਾਂ ਲੱਕੜ ਦੇ ਬਾਲਿਆਂ ਵਾਲੀਆਂ ਹਨ। ਵਾਰਡ ਨੰਬਰ-59 'ਚ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਹਲਕੇ 'ਚ ਪੈਂਦੇ 1 ਹਜ਼ਾਰ ਨਿਵਾਸੀਆਂ ਲਈ 2.5 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਲੱਕੜ ਦੇ ਬਾਲਿਆਂ ਦੀਆਂ ਹਨ ਤਾਂ ਜੋ ਉਹ ਆਪਣੀਆਂ ਛੱਤਾਂ 'ਤੇ ਪੱਕਾ ਲੈਂਟਰ ਪਾ ਸਕਣ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲਾਭਪਾਤਰੀ ਗਰੀਬੀ ਰੇਖਾ ਤੋਂ ਹੇਠਲੇ ਵਰਗ ਨਾਲ ਸਬੰਧਿਤ ਹਨ। ਵਿਧਾਇਕ ਡਾਵਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗਰੀਬ ਲੋਕਾਂ ਲਈ ਇਹ ਨਵੀਂ ਵਿੱਤੀ ਸਹਾਇਤਾ ਸ਼ੁਰੂ ਕਰਨ ਲਈ ਸ਼ਲਾਘਾ ਕੀਤੀ ਤਾਂ ਜੋ ਉਹ ਪੱਕੇ ਘਰਾਂ ਵਿੱਚ ਰਹਿ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੋਂ ਚੰਨੀ ਨੇ ਮੁੱਖ ਮੰਤਰੀ ਪੰਜਾਬ ਦੀ ਕਮਾਨ ਸੰਭਾਲੀ ਹੈ, ਸਰਕਾਰ ਵੱਲੋਂ ਕਈ ਗਰੀਬ ਪੱਖੀ ਉਪਰਾਲੇ ਕੀਤੇ ਗਏ ਹਨ ਅਤੇ ਗਰੀਬ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਲਕੇ 'ਚ 2 ਕਿੱਲੋਵਾਟ ਤੋਂ ਘੱਟ ਲੋਡ ਵਾਲੇ 35 ਹਜ਼ਾਰ ਘਰੇਲੂ ਖਪਤਕਾਰਾਂ ਦੇ 35 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੇ ਬਕਾਏ ਵੀ ਮੁਆਫ਼ ਕੀਤੇ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਲੋੜੀਂਦੀ ਰਾਹਤ ਮਿਲੇਗੀ।