ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸੈਲੂਨ ਚਲਾਉਣ ਵਾਲਾ ਇਕ ਨੌਜਵਾਨ ਮੁਟਿਆਰ ਨਾਲ ਕਈ ਮਹੀਨਿਆਂ ਤਕ ਜਬਰ ਜਨਾਹ ਕਰਦਾ ਰਿਹਾ। ਇੰਨਾ ਹੀ ਨਹੀਂ ਮੁਲਜ਼ਮ ਮੁਟਿਆਰ ਨੂੰ ਆਪਣੇ ਨਾਲ ਜੀਜੇ ਦੇ ਘਰ ਚੰਡੀਗੜ੍ਹ ਲੈ ਗਿਆ ਜਿੱਥੇ ਉਸ ਨੇ ਇਕ ਮਹੀਨਾ ਛੇ ਦਿਨ ਤਕ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਕਿਸੇ ਤਰੀਕੇ ਨਾਲ ਲੜਕੀ ਅੱਖ ਬਚਾ ਕੇ ਚੰਡੀਗੜ੍ਹ ਤੋਂ ਆਪਣੇ ਘਰ ਆਈ ਤੇ ਮਾਪਿਆਂ ਨੂੰ ਆਪ ਬੀਤੀ ਦੱਸੀ।

ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਹਾਦੇਵ ਕਾਲੋਨੀ ਦੀ ਰਹਿਣ ਵਾਲੀ ਮੁਟਿਆਰ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਢੋਕਾ ਮੁਹੱਲੇ ਇਲਾਕੇ 'ਚ ਚਾਹ ਦੀ ਦੁਕਾਨ ਹੈ। ਪਿਤਾ ਦਾ ਹੱਥ ਵਟਾਉਣ ਲਈ ਉਸ ਦੀ ਬੇਟੀ ਅਕਸਰ ਦੁਕਾਨ 'ਤੇ ਚਲੀ ਜਾਂਦੀ ਸੀ। ਚਾਹ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਮੁਲਜ਼ਮ ਚੰਦਰ ਸ਼ੇਖਰ ਦਾ ਸੈਲੂਨ ਹੈ। ਜਦੋਂ ਕਦੇ ਵੀ ਮੁਟਿਆਰ ਇਕੱਲੀ ਹੁੰਦੀ ਮੁਲਜ਼ਮ ਜ਼ਬਰਦਸਤੀ ਦੁਕਾਨ ਅੰਦਰ ਆ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਦੀ ਆਬਰੂ ਲੁੱਟਦਾ। ਨੌਜਵਾਨ ਨੇ ਮੁਟਿਆਰ ਉੱਪਰ ਇਸ ਕਦਰ ਦਹਿਸ਼ਤ ਬਣਾਈ ਹੋਈ ਸੀ ਕਿ ਉਸ ਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ। ਜੂਨ ਮਹੀਨੇ ਮੁਲਜ਼ਮ ਮੁਟਿਆਰ ਨੂੰ ਸਮਰਾਲਾ ਚੌਕ ਤੋਂ ਬੱਸ 'ਚ ਬਿਠਾ ਕੇ ਚੰਡੀਗੜ੍ਹ ਆਪਣੇ ਜੀਜੇ ਦੇ ਘਰ ਲੈ ਗਿਆ। ਜਿੱਥੇ ਉਸ ਨੇ ਇਕ ਮਹੀਨਾ ਛੇ ਦਿਨ ਤਕ ਲਗਾਤਾਰ ਲੜਕੀ ਨਾਲ ਜਬਰ ਜਨਾਹ ਕੀਤਾ। ਮੁਲਜ਼ਮ ਕੋਲੋਂ ਅੱਖ ਬਚਾ ਕੇ ਮੁਟਿਆਰ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚੀ ਤੇ ਆਪਣੇ ਮਾਪਿਆਂ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਮੁਟਿਆਰ ਦੀ ਮਾਂ ਦੇ ਬਿਆਨਾਂ ਉੱਪਰ ਢੋਕਾ ਮੁਹੱਲੇ ਦੇ ਵਾਸੀ ਮੁਲਜ਼ਮ ਚੰਦਰ ਸ਼ੇਖਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਕੇਸ ਦੀ ਪੜਤਾਲ ਕਰ ਰਹੇ ਸਬ ਇੰਸਪੈਕਟਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Posted By: Seema Anand