ਜੇਐੱਨਐੱਨ, ਸ੍ਰੀ ਮਾਛੀਵਾੜਾ ਸਾਹਿਬ : ਸਿੱਖਾਂ ਦੇ ਇਤਿਹਾਸਕ ਧਾਰਮਿਕ ਸਥਾਨ ਸ੍ਰੀ ਮਾਛੀਵਾੜਾ ਸਾਹਿਬ ਪੁੱਜਣ ਵਾਲੀ ਸੰਗਤ ਲਈ ਇਥੇ ਲੱਗੇ ਮੀਲ ਪੱਥਰ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਇਹ ਮੀਲ ਪੱਥਰ ਇਥੋਂ ਲੈ ਕੇ ਤਲਵੰਡੀ ਸਾਬੋ ਜਾਣ ਵਾਲੀ ਸੰਗਤ ਦੇ ਸਫਰ ਨੂੰ ਲਗਪਗ ਤਿੰਨ ਸੌ ਕਿਲੋਮੀਟਰ ਵਧਾ ਰਹੇ ਹਨ। ਗੂਗਲ ਮੈਪ ਅਨੁਸਾਰ ਮਾਛੀਵਾੜਾ ਤੋਂ ਤਲਵੰਡੀ ਸਾਬੋ ਦੀ ਦੂਰੀ ਸਿਰਫ 188 ਕਿਮੀ. ਹੈ ਪਰ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਲੱਗੇ ਮੀਲ ਪੱਥਰ ਇਹੀ ਦੂਰੀ 482 ਕਿਮੀ. ਦੱਸਦੇ ਹਨ, ਜੋ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉੱਧਰ ਵਿਭਾਗੀ ਅਧਿਕਾਰੀ ਵੀ ਮੰਨਦੇ ਹਨ ਕਿ ਗੂਗਲ ਸਹੀ ਜਾਣਕਰੀ ਦੇ ਰਿਹਾ ਹੈ ਪਰ ਇਥੇ ਲੱਗੇ ਮੀਲ ਪੱਥਰ ਵੀ ਸਹੀ ਦੂਰੀ ਦੱਸ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਜਿਸ ਰਸਤੇ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪੁੱਜੇ ਸਨ ਉਸ ਰਸਤੇ ਨੂੰ ਸਰਕਾਰ ਨੇ ਗੁਰੂ ਗੋਬਿੰਦ ਸਿੰਗ ਮਾਰਗ ਐਲਾਨਿਆ ਹੈ। ਜੇਕਰ ਇਸ ਮਾਰਗ ਤੋਂ ਹੁੰਦੇ ਹੋਏ ਮਾਛੀਵਾੜਾ ਤੋਂ ਤਲਵੰਡੀ ਸਾਬੋ ਜਾਓਗੇ ਤਾਂ 482 ਕਿਮੀ ਦੀ ਦੂਰੀ ਹੀ ਤੈਅ ਕਰਨੀ ਪਵੇਗੀ।

ਸਿੱਖ ਇਤਿਹਾਸ ਅਨੁਸਾਰ 1704 ਈ. 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਇਸ ਤੋਂ ਬਾਅਦ ਗੁਰੂ ਜੀ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੇ ਪਿੰਡਾਂ 'ਚੋਂ ਹੁੰਦੇ ਹੋਏ ਮਾਛੀਵਾੜਾ ਪੁੱਜੇ। ਇਥੋਂ ਦੀਨਾਗੜ੍ਹ, ਮੁਕਤਸਰ ਸਾਹਿਬ, ਲਾਖੀ ਜੰਗਲ, ਪੱਕਾ ਪਥਰਾਲਾ ਨੂੰ ਪਾਰ ਕਰਦੇ ਹੋਏ ਤਲਵੰਡੀ ਸਾਬੋ ਪੁੱਜੇ ਸਨ। ਜਿੱਥੇ ਗੁਰੂ ਸਾਹਿਬ 15 ਮਹੀਨੇ ਰਹੇ। ਇਸ ਪਵਿੱਤਰ ਸਥਾਨ 'ਤੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਨੂੰ ਸੰਪੂਰਨ ਕੀਤਾ ਸੀ। ਉਹ ਜਿਹੜੇ-ਜਿਹੜੇ ਰਸਤੇ ਤੋਂ ਹੋ ਕੇ ਲੰਘੇ ਉਸ ਨੂੰ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਦਿੱਤਾ। ਗੁਰੂ ਗੋਬਿੰਦ ਸਿੰਘ ਮਾਰਗ 'ਤੇ ਪਹਿਲਾਂ ਵੀ ਮੀਲ ਪੱਥਰ ਲੱਗੇ ਸਨ, ਜਿਨਾਂ 'ਚੋਂ ਕੁਝ ਪੁਰਾਣੇ ਹੋ ਚੁੱਕੇ ਸਨ ਤੇ ਕੁਝ ਟੁੱਟ ਗਏ ਸਨ। ਇਸ ਦੇ ਲਈ ਮੌਜੂਦਾ ਸਰਕਾਰ ਨੇ 60 ਲੱਖ ਰੁਪਏ ਦੀ ਲਾਗਤ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤਕ ਜਿਨ੍ਹਾਂ ਰਸਤਿਆਂ ਤੋਂ ਗੁਰੂ ਸਾਹਿਬ ਲੰਘੇ ਉਨ੍ਹਾਂ ਰਸਤਿਆਂ 'ਤੇ ਨਵੇਂ ਮੀਲ ਪੱਥਰ ਲਗਾਏ ਗਏ।

ਮੀਲ ਪੱਥਰਾਂ 'ਤੇ ਅੰਕਿਤ ਇਹ ਦੂਰੀ ਦੇਖ ਕੇ ਇਕ ਵਾਰ ਤਾਂ ਇਥੋਂ ਤਲਵੰਡੀ ਸਾਬੋ ਜਾਣ ਵਾਲੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਸਹੀ ਪਤਾ ਨਾ ਲੱਗਣ ਕਾਰਨ ਪਰੇਸ਼ਾਨੀ ਹੁੰਦੀ ਹੈ। ਪਰ ਜਿਉਂ ਹੀ ਸੰਗਤ ਗੂਗਲ ਮੈਪ ਦਾ ਸਹਾਰਾ ਲੈਂਦੀ ਹੈ ਤਾਂ ਉਹ ਦੂਰੀ ਮਿੰਟਾਂ 'ਚ 294 ਕਿਲੋਮੀਟਰ ਘਟ ਜਾਂਦੀ ਹੈ।

ਉੱਧਰ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਜਿਹੜੇ-ਜਿਹੜੇ ਰਾਹਾਂ ਤੋਂ ਲੰਘੇ ਉਨ੍ਹਾਂ ਰਾਹਾਂ ਦੀ ਪੈਮਾਇਸ਼ ਕੀਤੀ ਗਈ ਹੈ।

Posted By: Seema Anand