ਸਟਾਫ ਰਿਪੋਰਟਰ, ਖੰਨਾ : ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 6 ਵਜੇ ਸਮਰਾਲਾ ਰੋਡ ਰੇਲਵੇ ਓਵਰ ਬਿ੍ਜ ਦੇ ਕੋਲ ਵਾਪਰੀ। ਜੀਆਰਪੀ ਚੌਕੀ ਖੰਨਾ ਦੇ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਰੇਲਵੇ ਪੁਲ ਕੋਲ ਗੱਡੀ ਦੀ ਲਪੇਟ 'ਚ ਆ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਜਾ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਮਿ੍ਤਕ ਦੀ ਪਛਾਣ ਮੰਗਲ (37) ਵਾਸੀ ਵਾਰਡ-29 ਵਿਨੋਦ ਨਗਰ ਖੰਨਾ ਵਜੋਂ ਹੋਈ ਹੈ। ਜੋ ਕਿ ਅੱਜ ਸਵੇਰੇ ਆਪਣੇ ਘਰ ਤੋਂ ਮਜ਼ਦੂਰੀ ਲਈ ਨਿਕਲਿਆ ਸੀ। ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੀ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਧਾਰਾ 174 ਅਧੀਨ ਕਾਰਵਾਈ ਕਰਨ ਬਾਅਦ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।