ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਮੁੰਡੀਆਂ ਕਲਾਂ ਸਥਿਤ ਕੁਨਾਲ ਕਾਲੋਨੀ ਵਿਖੇ ਸਮਾਗਮ ਦੇ ਨਿਵੇਦਕ ਲਛਮਣ ਦਾਸ ਸਹੋਤਾ ਤੇ ਪਵਨ ਸਹੋਤਾ ਦੀ ਅਗਵਾਈ 'ਚ ਸ਼ਰਧਾ ਨਾਲ 'ਮੇਲਾ ਅਲਮਸਤ ਬਾਪੂ ਲਾਲ ਬਾਦਸ਼ਾਹ' ਵਿਖੇ ਕਰਵਾਇਆ ਗਿਆ ਜੋ ਦੇਰ ਰਾਤ ਤਕ ਚੱਲਦਾ ਰਿਹਾ। ਇਸ ਮੌਕੇ ਜਿੱਥੇ ਬਿੰਦਰ ਕੱਵਾਲ ਐਂਡ ਪਾਰਟੀ, ਅਨਵਰ ਅਲੀ ਕੱਵਾਲ ਐਂਡ ਪਾਰਟੀ ਤੇ ਰਵੀ ਕਲੇਰ ਕੱਵਾਲ ਪਾਰਟੀ ਨੇ ਕੱਵਾਲੀਆਂ ਰਾਹੀਂ ਹਾਜ਼ਰੀ ਭਰੀ, ਉੱਥੇ ਨਾਲ ਹੀ ਟੀ-ਸੀਰੀਜ਼ ਦੇ ਗਾਇਕ ਸਤਪਾਲ ਸੋਖਾ ਤੇ ਡੀ ਸੋਖਾ ਨੇ ਆਪਣੀ ਗਾਇਕੀ ਦੇ ਵੱਖ-ਵੱਖ ਰੰਗ ਪੇਸ਼ ਕਰਦਿਆਂ ਤੇਰੇ ਦਰ ਦਾ ਦੀਵਾਨਾ ਬਣ ਜਾਵਾਂ ਦਿਲ ਕਰੇ ਲਾਲ ਬਾਦਸ਼ਾਹ, ਅੱਜ ਖੁਸ਼ੀਆਂ ਤੇ ਖੇੜੇ ਤੇਰੇ ਕਰ ਕੇ ਇਹ ਰੌਣਕਾਂ ਨੇ ਵਿਹੜੇ ਤੇਰੇ ਕਰ ਕੇ ਅਤੇ ਮਾਏ ਨੀ ਮਾਏ ਛੱਲਾ ਪੀਰਾਂ ਵਾਲਾ ਪਾ ਲਿਆ, ਛੱਲੇ 'ਤੇ ਨਾਂ ਲਾਲ ਬਾਦਸ਼ਾਹ ਲਿਖਵਾ ਲਿਆ ਸਮੇਤ ਕਈ ਗੀਤ ਪੇਸ਼ ਕਰ ਕੇ ਸਮਾਗਮ 'ਚ ਸ਼ਾਮਲ ਸੰਗਤ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ। ਸੰਗਤ ਲਈ ਰਾਤ ਭਰ ਲੰਗਰ ਚੱਲਦਾ ਰਿਹਾ। ਅੰਤ 'ਚ ਕੱਵਾਲਾਂ, ਗਾਇਕਾਂ ਤੇ ਕਈ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਸਮਾਗਮ ਦੇ ਨਿਵੇਦਕ ਲਛਮਣ ਦਾਸ ਸਹੋਤਾ ਤੇ ਪਵਨ ਸਹੋਤਾ ਨੇ ਕੱਵਾਲਾਂ, ਗਾਇਕਾਂ ਤੇ ਕਈ ਹੋਰ ਸ਼ਖ਼ਸੀਅਤਾਂ ਦੇ ਨਾਲ ਨਾਲ ਸੰਗਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਦਕਾ 'ਮੇਲਾ ਅਲਮਸਤ ਬਾਪੂ ਲਾਲ ਬਾਦਸ਼ਾਹ' ਸਫਲਤਾਪੂਰਵਕ ਨੇਪਰੇ ਚੜਿ੍ਹਆ ਹੈ। ਇਸ ਮੌਕੇ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਸੀ।