ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਮੈਗੀ ਖ਼ਰੀਦਣ ਦੇ ਬਹਾਨੇ ਕਰਿਆਨੇ ਦੀ ਦੁਕਾਨ 'ਤੇ ਆਏ 2 ਨੌਜਵਾਨਾਂ ਨੇ ਅੌਰਤ ਦੀ ਸੋਨੇ ਦੀ ਚੇਨ ਨੂੰ ਹੱਥ ਪਾ ਲਿਆ। ਆਪਣਾ ਬਚਾਅ ਕਰਦਿਆਂ ਅੌਰਤ ਨੇ ਗਲੇ 'ਤੇ ਹੱਥ ਮਾਰਿਆ, ਚੇਨ ਦਾ ਕੁਝ ਹਿੱਸਾ ਅੌਰਤ ਦੇ ਹੱਥ 'ਚ ਆ ਗਿਆ ਤੇ ਬਾਕੀ ਸੋਨਾ ਨੌਜਵਾਨ ਲੈ ਕੇ ਫ਼ਰਾਰ ਹੋ ਗਏ। ਥਾਣਾ ਦੁੱਗਰੀ ਦੀ ਪੁਲਿਸ ਨੇ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਅੌਰਤ ਉਰਮਿਲਾ ਦੇ ਬਿਆਨਾਂ ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਉਰਮਿਲਾ ਨੇ ਦੱਸਿਆ ਕਿ ਉਹ ਘਰ 'ਚ ਹੀ ਕਰਿਆਨੇ ਦੀ ਦੁਕਾਨ ਚਲਾਉਂਦੀ ਹੈ। ਦੁਪਹਿਰੇ ਸਾਢੇ ਤਿੰਨ ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਨੌਜਵਾਨ ਮੈਗੀ ਲੈਣ ਲਈ ਉਸ ਦੀ ਦੁਕਾਨ 'ਤੇ ਆਏ। ਮੈਗੀ ਦੇਣ ਤੋਂ ਬਾਅਦ ਅੌਰਤ ਨੇ ਨੌਜਵਾਨਾਂ ਨੂੰ ਪੈਸੇ ਵਾਪਸ ਕਰਨ ਲਈ ਗੱਲੇ 'ਚ ਹੱਥ ਮਾਰਿਆ। ਇਸੇ ਦੌਰਾਨ ਬਦਮਾਸ਼ਾਂ ਚੋਂ ਇਕ ਨੇ ਅੌਰਤ ਦੇ ਗਲ ਵਿੱਚ ਪਾਈ ਚੇਨ 'ਤੇ ਝਪਟਾ ਮਾਰਿਆ। ਬਚਾਅ ਕਰਦਿਆਂ ਅੌਰਤ ਨੇ ਚੇਨ ਨੂੰ ਹੱਥ ਪਾਇਆ। ਚੇਨ ਦਾ ਕੁਝ ਹਿੱਸਾ ਬਦਮਾਸ਼ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਉਰਮਲਾ ਦੇ ਬਿਆਨ ਲੈ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।