ਕੁਲਵਿੰਦਰ ਸਿੰਘ ਰਾਏ, ਖੰਨਾ

ਇੱਕ ਪਾਸੇ ਤਾਂ ਸ਼ਹਿਰ 'ਚ ਆਏ ਦਿਨ ਕੋਰੋਨਾ ਦੇ ਮਰੀਜ਼ ਆ ਰਹੇ ਹਨ, ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂ ਕੋਵਿਡ-19 ਨੂੰ ਲੈ ਕੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਅਜਿਹੀ ਹੀ ਉਲੰਘਣਾ ਸ਼ੁੱਕਰਵਾਰ ਨੂੰ ਯੂਥ ਕਾਂਗਰਸ ਵੱਲੋਂ ਕੀਤੀ ਗਈ। ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੈਲਕੇ ਤੇ ਸਹਾਇਕ ਇੰਚਾਰਜ਼ ਮੁਕੇਸ਼ ਕੁਮਾਰ ਦੀ ਯੂਥ ਕਾਂਗਰਸੀਆਂ ਨਾਲ ਕਾਂਗਰਸ ਭਵਨ ਖੰਨਾ ਵਿਖੇ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ। ਜਿਸ 'ਚ ਦੋ-ਚਾਰ ਜਣਿਆਂ ਤੋਂ ਬਗ਼ੈਰ ਨਾ ਕਿਸੇ ਨੇ ਮਾਸਕ ਪਾਇਆ ਤੇ ਨਾ ਹੀ ਸਰੀਰਕ ਦੂਰੀ ਦਾ ਖ਼ਿਆਲ ਰੱਖਿਆ ਗਿਆ। ਜ਼ਿਲ੍ਹਾ ਯੂਥ ਪ੍ਰਧਾਨ ਅਮਿਤ ਤਿਵਾੜੀ ਵੀ ਬਗ਼ੈਰ ਮਾਸਕ ਤੋਂ ਬੈਠੇ ਨਜ਼ਰ ਆਏ ਜਦਕਿ ਇਹ ਕਈ ਕਾਂਗਰਸੀਆਂ ਵੱਲੋਂ ਸ਼ਹਿਰ 'ਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਲੋਕ ਜਾਗਰੂਕਤਾਂ ਲਈ ਬੈਨਰ-ਬੋਰਡ ਵਗੈਰਾ ਲਗਾਏ ਹੋਏ। ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਲੋਕ ਸਿਰਫ਼ ਹਲਕੀ ਸਿਆਸੀ ਸ਼ੌਹਰਤ ਖੱਟਣ ਲਈ ਪ੍ਰਚਾਰ ਕਰਦੇ ਹਨ ਜਦਕਿ ਆਪ ਅਮਲ ਨਹੀਂ ਕਰਦੇ।

ਬੈਠਕ ਪਾਰਟੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਗਈਆਂ। ਪੰਜਾਬ ਇੰਚਾਰਜ ਬੰਟੀ ਸੈਲਕੇ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਯੂਥ ਕਾਂਗਰਸ ਦਿਨ ਰਾਤ ਇੱਕ ਕਰ ਦੇਵੇਗੀ। ਯੂਥ ਕਾਂਗਰਸ ਖੰਨਾ ਇੰਚਾਰਜ ਗਗਨਦੀਪ ਸਿੰਘ ਨੇ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਖੰਨਾ ਦੀ ਸਾਰੀ ਟੀਮ ਇਕ ਜੁੱਟ ਹੋ ਕੇ ਪਾਰਟੀ ਲਈ ਦਿਨ ਰਾਤ ਮਿਹਨਤ ਕਰੇਗੀ। ਜਿਸ ਦੇ ਨਤੀਜੇ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਜਿੱਤ ਕੇ ਸਾਹਮਣੇ ਆ ਜਾਣਗੇ। ਇਸ ਮੌਕੇ ਸਮਰਾਲਾ ਪ੍ਰਧਾਨ ਮਨਜਿੰਦਰ ਸਿੰਘ, ਅਨਮੋਲ ਪੁਰੀ, ਹਰਦੀਪ ਸਿੰਘ ਨੀਨੂੰ, ਅੰਕਿਤ ਸ਼ਰਮਾ, ਜਗਜੋਤ ਸਿੰਘ, ਸੋਨੂ ਸੋਫਤ, ਸਿਮਰਨਜੀਤ ਸਿੰਘ, ਵਿਜੇ ਮੋਦਗਿਲ, ਖ਼ੁਸਹਾਲ ਗਿੱਲ ਹਾਜ਼ਰ ਸਨ।