ਪੱਤਰ ਪ੍ਰਰੇਰਕ, ਖੰਨਾ : ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਬੈਠਕ ਸੰਸਥਾ ਦੇ ਪ੍ਰਧਾਨ ਪਿ੍ਰੰਸੀਪਲ ਜਸਵੰਤ ਸਿੰਘ ਮਿੱਤਰ ਦੀ ਪ੍ਰਧਾਨਗੀ ਹੇਠ ਡਾਕਟਰ ਅੰਬੇਡਕਰ ਭਵਨ ਵਿਖੇ ਹੋਈ। ਬੈਠਕ 'ਚ ਇਹ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 3 ਫ਼ੀਸਦੀ ਡੀਏ ਦੀ ਜਿਹੜੀ ਕਿਸ਼ਤ ਦਿੱਤੀ ਗਈ ਹੈ, ਉਹ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਹੈ, ਸੰਸਥਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜੋ ਬਕਾਇਆ ਡੀਏ ਦੀ ਰਾਸ਼ੀ ਹੈ, ਉਸ ਨੂੰ ਤੁਰੰਤ ਜਾਰੀ ਕਰੇ। ਸਰਕਾਰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਦੀਵਾਲੀ 'ਤੇ ਪਟਾਕਿਆਂ ਦੀ ਵਰਤੋਂ ਤੇ ਪਰਾਲੀ ਨੂੰ ਅੱਗ ਲਗਾਉਣ 'ਤੇ ਮੁਕੰਮਲ ਪਾਬੰਦੀ ਲਗਾਵੇ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ 'ਚ ਡਾਕਟਰ ਅੰਬੇਡਕਰ ਜੀ ਦੀ ਫੋਟੋ ਲਗਾਈ ਜਾਵੇ ਤੇ ਪੰਜਾਬ ਦੇ ਸਾਰੇ ਸਕੂਲਾਂ ਤੇ ਕਾਲਜਾਂ 'ਚ ਭਾਰਤੀ ਸੰਵਿਧਾਨ ਨੂੰ ਸਿਲੇਬਸ 'ਚ ਲਾਗੂ ਕੀਤਾ ਜਾਵੇ। ਸੰਸਥਾ ਦੇ ਜਨਰਲ ਸਕੱਤਰ ਕਰਮਜੀਤ ਸਿੰਘ ਸਿਫ਼ਤੀ ਨੇ ਦੱਸਿਆ ਕਿ ਨਵੰਬਰ ਮਹੀਨੇ 'ਚ ਸੰਸਥਾ ਵਲੋਂ ਭਾਰਤੀ ਸੰਵਿਧਾਨ ਦਿਵਸ ਵੱਖ-ਵੱਖ ਸਕੂਲਾਂ 'ਚ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਤੇ ਸੰਵਿਧਾਨ ਦੇ ਜਾਣਕਾਰ ਸੰਵਿਧਾਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਗੇ। ਇਸ ਮੌਕੇ ਰਾਜ ਸਿੰਘ ਸੁਹਾਵੀ, ਲਖਵੀਰ ਸਿੰਘ ਚੌਹਾਨ, ਟੇਕ ਚੰਦ, ਅਮਰੀਕ ਸਿੰਘ ਸੈਦਪੁਰਾ, ਸਵਰਨ ਸਿੰਘ, ਕੈਪਟਨ ਸ਼ਿਵ ਸਿੰਘ, ਸੁਰਿੰਦਰ ਸਿੰਘ ਗੋਹ, ਖੁਸ਼ੀ ਰਾਮ ਚੌਹਾਨ, ਬੇਅੰਤ ਸਿੰਘ ਕੌੜੀ, ਰਮਨਦੀਪ ਸਿੰਘ, ਹਰਦੀਪ ਸਿੰਘ ਨਸਰਾਲੀ, ਭਾਗ ਸਿੰਘ, ਕੁਲਵੰਤ ਸਿੰਘ, ਨੇਤਰ ਸਿੰਘ, ਕਾਮਰੇਡ ਹਰਨੇਕ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।