ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਸੀਆਰਪੀਐੱਫ ਦੀ ਨਿਗਰਾਨੀ ਹੇਠ ਆਉਣ ਤੋਂ ਬਾਅਦ ਲੁਧਿਆਣਾ ਸੈਂਟਰਲ ਜੇਲ੍ਹ ਦੀ ਸੁਰੱਖਿਆ ਵਿਵਸਥਾ ਹੋਰ ਪੁਖਤਾ ਹੋ ਗਈ ਹੈ। ਸੀਆਰਪੀਐੱਫ ਦੇ ਜਵਾਨਾਂ ਨੇ ਬੈਰਕ ਨੰਬਰ ਦੋ ਦੇ ਬਾਥਰੂਮ ਦੀਆਂ ਟਾਈਲਾਂ ਤੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਮਾਮਲੇ 'ਚ ਥਾਣਾ-7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਜਸਵੀਰ ਚੰਦ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਥਾਣਾ-7 ਦੀ ਪੁਲਿਸ ਨੂੰ ਜਸਵੀਰ ਚੰਦ ਨੇ ਦੱਸਿਆ ਕਿ ਡਿਪਟੀ ਸਕਿਓਰਿਟੀ ਸੁਭਾਸ਼ ਚੰਦਰ ਅਰੋੜਾ ਦੀ ਅਗਵਾਈ 'ਚ ਸੀਆਰਪੀਐੱਫ ਦੀ ਟੀਮ ਜੇਲ੍ਹ ਦੇ ਬੈਰਕਾਂ ਦੀ ਤਲਾਸ਼ੀ ਲੈ ਰਹੀ ਸੀ। ਇਸੇ ਦੌਰਾਨ ਬੈਰਕ ਨੰਬਰ-ਦੋ ਦੇ ਬਾਥਰੂਮ ਦੀਆਂ ਟਾਈਲਾਂ 'ਚੋਂ ਸੀਆਰਪੀਐੱਫ ਦੇ ਜਵਾਨਾਂ ਨੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਦੀ ਜਾਣਕਾਰੀ ਥਾਣਾ-7 ਦੀ ਪੁਲਿਸ ਨੂੰ ਦਿੱਤੀ ਗਈ। ਇਸ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਮੁਲਜ਼ਮ ਦੇ ਖਿਲ਼ਾਫ਼ ਐੱਨਡੀਪੀਐੱਸ ਐਕਟ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।