ਮਾਇਆਪੁਰੀ ਰੋਡ ਬਣੀ ਜੰਗ ਦਾ ਮੈਦਾਨ: ਗੱਡੀ ਹਟਾਉਣ ਦੀ ਮਾਮੂਲੀ ਗੱਲ 'ਤੇ ਭੜਕੀ ਹਿੰਸਾ, ਚੱਲੀਆਂ ਗੋਲੀਆਂ ਤੇ ਇੱਟਾਂ-ਪੱਥਰ
ਲੁਧਿਆਣਾ ਦੇ ਮਾਇਆਪੁਰੀ ਰੋਡ ’ਤੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਰਸਤੇ ਵਿਚ ਖੜੀ ਗੱਡੀ ਨੂੰ ਸਾਈਡ ਕਰਨ ਦੀ ਮਾਮੂਲੀ ਗੱਲ ਨੇ ਅਚਾਨਕ ਖੂਨੀ ਰੂਪ ਧਾਰ ਲਿਆ। ਕੁਝ ਹੀ ਮਿੰਟਾਂ ਵਿੱਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਸ਼ੁਰੂ ਹੋ ਗਈ, ਜਿਸ ਦੌਰਾਨ ਡਾਂਗਾਂ , ਇੱਟਾਂ-ਪੱਥਰ ਚਲੇ ਅਤੇ ਇੱਕ ਧਿਰ ’ਤੇ ਗੋਲੀਆਂ ਚਲਾਉਣ ਦੇ ਵੀ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਕਈ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ।
Publish Date: Sun, 24 May 2026 03:29 PM (IST)
Updated Date: Sun, 24 May 2026 03:32 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਮਾਇਆਪੁਰੀ ਰੋਡ ’ਤੇ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਰਸਤੇ ਵਿਚ ਖੜੀ ਗੱਡੀ ਨੂੰ ਸਾਈਡ ਕਰਨ ਦੀ ਮਾਮੂਲੀ ਗੱਲ ਨੇ ਅਚਾਨਕ ਖੂਨੀ ਰੂਪ ਧਾਰ ਲਿਆ। ਕੁਝ ਹੀ ਮਿੰਟਾਂ ਵਿੱਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਸ਼ੁਰੂ ਹੋ ਗਈ, ਜਿਸ ਦੌਰਾਨ ਡਾਂਗਾਂ, ਇੱਟਾਂ-ਪੱਥਰ ਚਲੇ ਅਤੇ ਇੱਕ ਧਿਰ ’ਤੇ ਗੋਲੀਆਂ ਚਲਾਉਣ ਦੇ ਵੀ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਕਈ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ।
ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ-7 ਅਧੀਨ ਆਉਂਦੇ ਮਾਇਆਪੁਰੀ ਰੋਡ ਇਲਾਕੇ ਦਾ ਹੈ। ਪੀੜਤ ਮੁਖਤਾਰ ਨੇ ਦੱਸਿਆ ਕਿ ਉਹ ਆਪਣਾ ਐਕਸ-ਰੇ ਕਰਵਾਉਣ ਲਈ ਹਸਪਤਾਲ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਇੱਕ ਬੋਲੇਰੋ ਗੱਡੀ ਖੜੀ ਸੀ। ਉਸ ਨੇ ਸਿਰਫ਼ ਇੰਨਾ ਕਿਹਾ ਕਿ ਗੱਡੀ ਥੋੜ੍ਹੀ ਸਾਈਡ ਕਰ ਦਿੱਤੀ ਜਾਵੇ ਤਾਂ ਜੋ ਉਹ ਲੰਘ ਸਕੇ, ਪਰ ਇਸ ਗੱਲ ਨੇ ਤਕਰਾਰ ਦਾ ਰੂਪ ਲੈ ਲਿਆ।
ਦੋਸ਼ ਹੈ ਕਿ ਬੋਲੇਰੋ ਸਵਾਰ ਗੁੱਸੇ ਵਿੱਚ ਆ ਗਏ ਅਤੇ ਕੁਝ ਹੀ ਸਮੇਂ ਵਿੱਚ 10 ਤੋਂ 15 ਲੋਕ ਮੌਕੇ ’ਤੇ ਇਕੱਠੇ ਹੋ ਗਏ। ਇਸ ਤੋਂ ਬਾਅਦ ਮੁਖਤਾਰ ’ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਉਸਦਾ ਪਿਤਾ ਅਤੇ ਭਰਾ ਬਚਾਅ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਨਹੀਂ ਛੱਡਿਆ ਗਿਆ।
ਪੀੜਤ ਪਰਿਵਾਰ ਦੀਆਂ ਮਹਿਲਾਵਾਂ ਨੇ ਵੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਵੱਲ ਜਾ ਰਹੀਆਂ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਆਟੋ ਵਿਚੋਂ ਖਿੱਚ ਕੇ ਬਾਹਰ ਕੱਢਿਆ ਅਤੇ ਕੁਟਮਾਰ ਕੀਤੀ। ਪਰਿਵਾਰ ਨੇ ਦਾਅਵਾ ਕੀਤਾ ਕਿ ਪੂਰੇ ਮਾਮਲੇ ਦੌਰਾਨ ਕਿਸੇ ਨੇ ਵੀ ਵਿਚ ਬਚਾਅ ਕਰਨ ਦੀ ਹਿੰਮਤ ਨਹੀਂ ਕੀਤੀ।
ਮੁਖਤਾਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਗਏ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪਿਸਤੌਲ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਹਮਲੇ ਦੌਰਾਨ ਮੁਖਤਾਰ ਦੇ ਸਿਰ ਅਤੇ ਹੱਥਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ।
ਸੂਚਨਾ ਮਿਲਣ ’ਤੇ ਥਾਣਾ ਟਿੱਬਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਨੂੰ ਛੁਡਵਾ ਕੇ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਫਾਇਰਿੰਗ ਅਤੇ ਹਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਦੀਆਂ ਵੀਡੀਓਜ਼ ਵੀ ਖੰਗਾਲੀਆਂ ਜਾ ਰਹੀਆਂ ਹਨ।