ਸੰਜੀਵ ਗੁਪਤਾ, ਜਗਰਾਓਂ : ਪੰਜਾਬ ਦੀ ਸਿਆਸਤ ਵਿਚ ਲੋਹਪੁਰਸ਼ ਵਜੋਂ ਜਾਣੇ ਜਾਂਦੇ ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਜ਼ੇਰੇ ਇਲਾਜ ਪਤਨੀ ਮਾਤਾ ਮੋਹਿੰਦਰ ਕੌਰ ਪ੍ਰਤੀ ਪੰਜਾਬ ਸਰਕਾਰ ਦੀ ਅਣਦੇਖੀ ਬਰਕਰਾਰ ਹੈ। ਸਰਕਾਰ ਪ੍ਰਤੀ ਰੋਸ ਪ੍ਰਗਟਾਉਂਦਿਆਂ ਤਲਵੰਡੀ ਪਰਿਵਾਰ ਨੇ ਮਾਤਾ ਮੋਹਿੰਦਰ ਕੌਰ ਜਿਨ੍ਹਾਂ ਨੂੰ ਅਕਾਲੀ ਸਰਕਾਰ ਮੌਕੇ ਹੀ ਕੈਬਨਿਟ ਮੰਤਰੀ ਦੇ ਰੈਂਕ ਨਾਲ ਨਿਵਾਜਿਆ ਗਿਆ ਸੀ, ਨਾਲ ਵਿਤਕਰੇ ਨੂੰ ਦੁਖਦਾਈ ਅਤੇ ਅਫਸੋਸਜਨਕ ਕਰਾਰ ਦਿੱਤਾ।

ਮਾਤਾ ਮੋਹਿੰਦਰ ਕੌਰ ਦੀ ਸੇਵਾ ’ਚ ਲੱਗੇ ਉਨ੍ਹਾਂ ਦੇ ਵੱਡੇ ਸਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੁਖ ਦੀ ਗੱਲ ਹੈ ਕਿ ਪਹਿਲਾਂ ਉਨ੍ਹਾਂ ਨੂੰ ਪੀਜੀਆਈ ’ਚ ਮਾਤਾ ਜੀ ਨੂੰ ਦਾਖਲ ਕਰਵਾਉਣ ਤੋਂ ਲੈ ਕੇ ਇਲਾਜ ਲਈ ਰੁਲਣਾ ਪਿਆ। ਹੁਣ ਜਦੋਂ ਇਲਾਜ ਸ਼ੁਰੂ ਹੋਇਆ ਤਾਂ ਉਨ੍ਹਾਂ ਦੇ ਪਿਤਾ ਨੇ ਤਾਂ ਪੰਜਾਬ ਲਈ ਜੇਲ੍ਹਾਂ ਕੱਟੀਆਂ, ਮਾਤਾ ਜੀ ਨੇ ਵੀ ਜੇਲ੍ਹ ਕੱਟਦਿਆਂ ਪੰਜਾਬ ਦੀ ਧੀ ਦਾ ਫਰਜ਼ ਬਾਖੂਬੀ ਨਿਭਾਇਆ, ਨਾਲ ਕੈਪਟਨ ਸਰਕਾਰ ਦੀ ਬੇਰੁਖੀ ਬਹੁਤ ਤਕਲੀਫ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਲੰਮੇ ਸਮੇਂ ਤੋਂ ਉਨ੍ਹਾਂ ਦੇ ਮਾਤਾ ਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਸਰਕਾਰ ਵੱਲੋਂ ਇਲਾਜ ਲਈ ਅੱਗੇ ਆਉਣਾ ਤਾਂ ਦੂਰ, ਕਿਸੇ ਵੀ ਸਰਕਾਰੀ ਨੁਮਾਇੰਦੇ ਜਾਂ ਅਧਿਕਾਰੀ ਵੱਲੋਂ ਸਾਰ ਲੈਣਾ ਵੀ ਮੁਨਾਸਿਬ ਨਾ ਸਮਝਿਆ। ਉਨ੍ਹਾਂ ਧੰਨਵਾਦ ਕੀਤਾ ਪੰਜਾਬ ਭਰ ਦੇ ਲੋਕਾਂ ਦਾ ਜਿਨ੍ਹਾਂ ਵੱਲੋਂ ਰੋਜ਼ਾਨਾ ਹੀ ਮਾਤਾ ਜੀ ਦੀ ਸਿਹਤਯਾਬੀ ਦੀ ਅਰਦਾਸ ਕਰਨ ਦੇ ਨਾਲ-ਨਾਲ ਪਰਿਵਾਰ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ।

Posted By: Jagjit Singh