ਜੇਐਨਐਨ, ਲੁਧਿਆਣਾ : ਆਰਕੇ ਸਥਿਤ ਹਿੰਦੁਸਤਾਨ ਟਾਇਰਜ਼ ਵਿਚ ਸਵੇਰੇ ਅੱਗ ਲੱਗ ਗਈ। ਜਿਸ ਕਾਰਨ ਫੈਕਟਰੀ ਦਾ ਸਾਰਾ ਸਾਮਾਨ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਸਵੇਰ ਤੋਂ ਹੀ ਅੱਗ ਬੁਝਾਉਣ ਲਈ ਹੁਣ ਤਕ 125 ਤੋਂ ਜ਼ਿਆਦਾ ਫਾਇਰ ਟੈਂਡਰ ਇਸਤੇਮਾਲ ਕਰ ਲਏ ਗਏ ਹਨ। ਫੈਕਟਰੀ ਅੰਦਰ ਟਾਇਰ ਟਿਊਬ ਹੋਣ ਕਾਰਨ ਅੱਗ ਬੁਝਾਉਣ ਵਿਚ ਪਰੇਸ਼ਾਨੀ ਹੋ ਰਹੀ ਹੈ। ਅੰਦਾਜ਼ਨ ਫੈਕਟਰੀ ਵਿਚ ਅੱਗ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਫੈਕਟਰੀ ਮਾਲਕ ਅਜੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।

ਫਾਇਰ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਵਾ ਚਾਰ ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂੁਚਨਾ ਮਿਲੀ ਤਾਂ ਉਹ ਤਿੰਨ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚੇ ਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚ ਰਬਡ਼ ਹੋਣ ਕਾਰਨ ਅੱਗ ਸੁਲਗਦੀ ਗਈ ਅਤੇ ਭਿਆਨਕ ਰੂੁਪ ਧਾਰਨ ਕਰ ਗਈ। ਇਸ ਲਈ ਉਨ੍ਹਾਂ ਨੂੰ ਹੋਰ ਫਾਇਰ ਟੈਂਡਰ ਸੱਦਣੇ ਪਏ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਪੰਜ ਫਾਇਰ ਸਬ ਸਟੇਸ਼ਨਾਂ ਤੋਂ ਫਾਇਰ ਟੈਂਡਰ ਸੱਦੇ ਗਏ। ਉਨ੍ਹਾਂ ਦੱਸਿਆ ਕਿ ਅੱਗ ਗ੍ਰਾਉਂਡ ਫਲੋਰ ’ਤੇ ਪਹਿਲਾਂ ਲੱਗੀ। ਉਸ ਤੋਂ ਬਾਅਦ ਪਹਿਲੀ ਮੰਜ਼ਲ ਤਕ ਪਹੁੰਚ ਗਈ। ਅੱਗ ਕਾਰਨ ਮਸ਼ੀਨਾਂ ਅਤੇ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਫਾਇਰ ਕਰਮੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Posted By: Tejinder Thind