ਜੇਐੱਨਐੱਨ, ਖੰਨਾ : ਸਥਾਨਕ ਸਿਵਲ ਹਸਪਤਾਲ 'ਚ ਲਏ ਗਏ ਨਮੂਨਿਆਂ 'ਚੋਂ ਵੀਰਵਾਰ ਨੂੰ 11 ਹੋਰ ਕੇਸ ਕੋਰੋਨਾ ਪਾਜ਼ੇਟਿਵ ਸਾਹਮਣੇ ਆਏ ਹਨ। ਇਨ੍ਹਾਂ 'ਚ ਚਾਰ ਲੋਕ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਨ, ਜਦਕਿ ਇਕ ਕਿਸੇ ਮਾਮਲੇ 'ਚ ਮੁਲਜ਼ਮ ਅੌਰਤ ਸ਼ਾਮਲ ਹੈ। ਇਸ ਦੇ ਨਾਲ ਹੀ ਖੰਨਾ ਸ਼ਹਿਰ 'ਚ ਹੁਣ ਤਕ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁਲ ਗਿਣਤੀ 160 'ਤੇ ਪੁੱਜ ਗਈ ਹੈ। ਖੰਨਾ ਸਿਵਲ ਹਸਪਤਾਲ 'ਚ ਵੀਰਵਾਰ ਨੂੰ 23 ਹੋਰ ਲੋਕਾਂ ਦੇ ਨਮੂਨੇ ਲਏ ਗਏ ਹਨ।

ਐੱਸਐੱਮਓ ਡਾ. ਰਜਿੰਦਰ ਗੁਲਾਟੀ ਨੇ ਦੱਸਿਆ ਕਿ 1 ਤੇ 2 ਅਗਸਤ ਨੂੰ ਖੰਨਾ ਸਿਵਲ ਹਸਪਤਾਲ 'ਚ ਲਏ ਗਏ 51 ਨਮੂਨਿਆਂ 'ਚੋਂ 7 ਪਾਜ਼ੇਟਿਵ ਤੇ 34 ਨੈਗੇਟਿਵ ਪਾਏ ਗਏ ਹਨ। ਇਨ੍ਹਾਂ 'ਚ ਮੰਡੀ ਗੋਬਿੰਦਗੜ੍ਹ ਦਾ 45 ਸਾਲ ਦਾ ਪੁਰਸ਼, 52 ਸਾਲ ਦੀ ਇਕ ਮੁਲਜ਼ਮ ਅੌਰਤ, ਸਿਵਲ ਹਸਪਤਾਲ ਦੇ ਕੁਆਰਟਰਾਂ 'ਚ ਰਹਿਣ ਵਾਲੇ 22 ਤੇ 18 ਸਾਲ ਦੇ ਦੇ ਨੌਜਵਾਨ, ਮੁਹੱਲਾ ਇੰਦਰੀਪੁਰੀ ਨਿਵਾਸੀ 47 ਸਾਲ ਦਾ ਪੁਰਸ਼ ਤੇ 12 ਸਾਲ ਦਾ ਬੱਚਾ ਤੇ ਬੰਤ ਕਾਲੋਨੀ ਨਿਵਾਸੀ 23 ਸਾਲ ਦਾ ਨੌਜਵਾਨ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਖੰਨਾ ਸਿਵਲ ਹਸਪਤਾਲ 'ਚ ਰੈਪਿਡ ਕਿੱਟ ਦੀ ਮਦਦ ਨਾਲ 16 ਲੋਕਾਂ ਦੇ ਟੈਸਟ ਵੀਰਵਾਰ ਨੂੰ ਕੀਤੇ ਗਏ। ਇਨ੍ਹਾਂ 'ਚੋਂ ਚਾਰ ਦੀ ਰਿਪੋਰਟ ਪਾਜ਼ੇਟਿਵ ਅਤੇ 12 ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਪਾਜ਼ੇਟਿਵ ਕੇਸਾਂ 'ਚ ਮੰਡੀ ਗੋਬਿੰਦਗੜ੍ਹ ਦੇ 22 ਸਾਲ ਦਾ ਨੌਜਵਾਨ, 65 ਸਾਲ ਦੀ ਅੌਰਤ ਤੇ 18 ਸਾਲ ਦਾ ਨੌਜਵਾਨ ਸ਼ਾਮਲ ਹਨ। ਇਸ ਦੇ ਨਾਲ ਹੀ ਖੰਨਾ ਦੀ ਨਵੀਂ ਆਬਾਦੀ ਤੋਂ ਇਕ 29 ਸਾਲ ਦੀ ਮੁਟਿਆਰ ਵੀ ਪਾਜ਼ੇਟਿਵ ਪਾਈ ਗਈ ਹੈ।