ਕੁਲਵਿੰਦਰ ਸਿੰਘ ਰਾਏ, ਖੰਨਾ : ਪੁਲਿਸ ਚੌਂਕੀ ਬੁਢੇਵਾਲ ਅਧੀਨ ਪਿੰਡ ਰਾਮਗੜ੍ਹ ਸੌ ਫੁੱਟਾ ਰੋਡ 'ਤੇ ਸਥਿਤ ਖੇਤ ਵਿੱਚ ਲੱਗੇ ਟਰਾਂਸਫਾਰਮਰ ਦਾ ਤੇਲ ਚੋਰੀ ਕਰਨ ਗਏ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਦਕਿ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਮਿਰਤਕ ਦੀ ਪਹਿਚਾਣ ਸੱਜਣ ਸਿੰਘ ਮੁਹੱਲਾ ਗੁਰੂ ਨਾਨਕ ਨਗਰ ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ। ਫ਼ਰਾਰ ਸਾਥੀ ਰਾਜਵਿੰਦਰ ਸਿੰਘ ਰਾਜੂ ਦੱਸਿਆ ਜਾ ਰਿਹਾ ਹੈ। ਬੁਢੇਵਾਲ ਚੌਂਕੀ ਦੇ ਏ ਐਂਸ ਆਈ ਅੱਛਰਾਂ ਰਾਮ ਨੇ ਮੌਕੇ ਉੱਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਛਰਾਂ ਰਾਮ ਨੇ ਦੱਸਿਆ ਕਿ ਰਾਤ ਕੁਝ ਵਿਅਕਤੀ ਸੌ ਫੁੱਟਾਂ ਰੋਡ 'ਤੇ ਲੱਗੇ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰ ਰਹੇ ਸਨ। ਇਸ ਦੌਰਾਨ ਟਰਾਂਸਫਾਰਮਰ ਵਿਚ ਕਰੰਟ ਆ ਗਿਆ। ਜਿਸ ਦੀ ਲਪੇਟ ਵਿੱਚ ਆਉਣ ਨਾਲ ਸੱਜਣ ਸਿੰਘ ਦੀ ਮੌਤ ਹੋ ਗਈ। ਉਸਦੇ ਸਾਥੀ ਨੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਉਸਦੀਆਂ ਲੱਤਾਂ ਨੂੰ ਕੱਪੜੇ ਨਾਲ ਬੰਨ ਕੇ ਘੜੀਸ ਕੇ ਲਿਜਾਣ ਲੱਗਾ। ਕੁਝ ਦੂਰੀ 'ਤੇ ਕਿਸੇ ਨੂੰ ਆਉਂਦਾ ਦੇਖ ਕੇ ਲਾਸ਼ ਨੂੰ ਛੱਡ ਕੇ ਫ਼ਰਾਰ ਹੋ ਗਿਆ। ਮਿਰਤਕ ਦੇ ਸਾਥੀ ਨੇ ਮਿਰਤਕ ਦੇ ਘਰ ਜਾ ਕੇ ਦੱਸਿਆ ਕਿ ਸੱਜਣ ਸਿੰਘ ਨੂੰ ਲੋਕਾਂ ਨੇ ਚੋਰੀ ਕਰਨ ਸਮੇਂ ਫੜ੍ਹ ਲਿਆ ਹੈ। ਜਦੋ ਉਸਦੀ ਪਤਨੀ ਨੇ ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਉਸਦਾ ਘਰਵਾਲਾ ਮਿਰਤਕ ਹਾਲਤ ਵਿੱਚ ਪਿਆ ਸੀ। ਪੁਲਿਸ ਨੇ ਲਾਸ਼ ਦੇ ਕੋਲੋ ਕੁਝ ਪੀਪੀਆਂ, ਪਾਈਪਾਂ ਤੇ ਤੇਲ ਕੱਢਣ ਵਾਲਾ ਹੋਰ ਸਮਾਨ ਵੀ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਵਲੋਂ ਫ਼ਿਲਹਾਲ 174 ਦੀ ਕਾਰਵਾਈ ਕੀਤੀ ਗਈ।

ਹੈਂਡ ਕਾਂਸਟੇਬਲ ਜਗਪਾਲ ਸਿੰਘ ਨੇ ਕੁਹਾੜਾ ਬਿਜਲੀ ਬੋਰਡ ਦੇ ਜੇਈ ਦੇ ਬਿਆਨਾਂ 'ਤੇ ਚੋਰੀ ਦਾ ਮਾਮਲਾ ਦਰਜ ਕਰ ਦਿੱਤਾ ਹੈ।

Posted By: Susheel Khanna