ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਪਿਛਲੇ ਦਿਨੀਂ ਮਾਛੀਵਾੜਾ ਦੇ ਬੀਡੀਪੀਓ ਦਫ਼ਤਰ ਵੱਲੋਂ ਵੱਢੇ ਗਏ ਰੁੱਖਾਂ ਦੇ ਮਾਮਲੇ 'ਚ ਵਾਤਾਵਰਨ ਪੇ੍ਮੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਤਾਵਰਨ ਨੂੰ ਸ਼ਿੱਦਤ ਨਾਲ ਪਿਆਰ ਕਰਨ ਵਾਲੇ ਲੋਕ ਇਸ ਨੂੰ ਰੁੱਖਾਂ ਦਾ ਕਤਲ ਕਹਿ ਕੇ ਸੰਬੋਧਨ ਕਰ ਰਹੇ ਹਨ। ਵਾਤਾਵਰਨ ਪੇ੍ਮੀ ਅੰਮਿ੍ਤਪਾਲ ਸਮਰਾਲਾ, ਗੁਰਪ੍ਰਰੀਤ ਸਿੰਘ ਮਾਨ ਤੇ ਬਰਕਤਪਾਲ ਸਿੰਘ ਰੰਧਾਵਾ ਦਾ ਕਹਿਣਾ ਹੈ, ਕਿ ਬੀਡੀਪੀਓ ਦਫ਼ਤਰ ਮਾਛੀਵਾੜਾ ਵੱਲੋਂ ਬਿਨਾਂ ਵਜ੍ਹਾ ਰੁੱਖਾਂ ਦੀ ਕਟਾਈ ਕਰਕੇ ਦਫਤਰ ਦੇ ਪਾਰਕ ਨੂੰ ਉਜਾੜ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਤਾਂ ਮੰਨਣ ਵਿਚ ਆਉਂਦੀ ਹੈ ਕਿ 4-5 ਰੁੱਖ ਕਿਸੇ ਕਿਸਮ ਦਾ ਅੜਿੱਕਾ ਬਣਦੇ ਹੋਣ, ਪਰ ਇਹ ਮੰਨਣ ਵਾਲੀ ਗੱਲ ਨਹੀ ਹੈ, ਕਿ ਦਫਤਰ ਦੀ ਬਿਲਡਿੰਗ ਦੇ ਅੱਗੇ ਵਾਲੇ ਪਾਰਕ ਦੇ ਸਾਰੇ ਹੀ ਰੁੱਖ ਦਫ਼ਤਰ ਦੇ ਕੰਮਾਂ 'ਚ ਅੜਿੱਕਾ ਪਾ ਰਹੇ ਸੀ, ਜਿਨ੍ਹਾਂ 'ਤੇ ਆਰਾ ਫੇਰ ਕੇ ਪੱਧਰਾ ਮੈਦਾਨ ਬਣਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀ ਵਿਭਾਗ ਵੱਲੋ ਦਫਤਰ ਦੇ ਅੱਗੇ ਵਾਲੀ ਥਾਂ ਜਿਸ 'ਤੇ ਪਾਰਕ ਬਣਿਆ ਹੋਇਆ ਹੈ ਉਸ 'ਚ ਲੱਗੇ ਕਈ ਰੁੱਖ ਕਟਵਾ ਦਿੱਤੇ ਗਏ ਸਨ, ਰੁੱਖ ਕੱਟਣ 'ਤੇ ਇਨ੍ਹਾਂ ਪੇ੍ਮੀਆਂ ਨੇ ਇਤਰਾਜ ਜਤਾਇਆ ਹੈ, ਜਿਸ 'ਤੇ ਸਮਾਜ ਸੇਵੀ ਅੰਮਿ੍ਤਪਾਲ ਤੇ ਸੁਖਪਾਲ ਸਿੰਘ, ਗੁਰਪ੍ਰਰੀਤ ਸਿੰਘ ਮਾਨ ਤੇ ਬਰਕਤਪਾਲ ਸਿੰਘ ਰੰਧਾਵਾ ਨੇ ਦੱਸਿਆ ਅੱਜ ਦਫ਼ਤਰ ਸੁਪਰਡੈਂਟ ਰਮਾਕਾਂਤ ਵੱਲੋਂ ਉਨ੍ਹਾਂ ਨੂੰ ਬੁਲਾਇਆ ਸੀ ਤੇ ਉਨ੍ਹਾਂ ਵਣ ਰੇਂਜ ਅਫ਼ਸਰ ਦੁਆਰਾ ਦਿੱਤੀ ਰੁੱਖਾਂ ਦੀ ਕੀਮਤ ਰਿਪੋਰਟ, ਅਖ਼ਬਾਰ 'ਚ ਰੁੱਖਾਂ ਦੀ ਬੋਲੀ ਸਬੰਧੀ ਇਸ਼ਤਿਹਾਰ ਤੇ 106 ਰੁੱਖਾਂ ਦੀ ਕਟਾਈ ਸਬੰਧੀ ਕਟਵਾਈ ਰਸੀਦ ਹੀ ਦਿੱਤੀ।

ਪਰ ਰੁੱਖਾਂ ਦੀ ਕਟਾਈ ਕਿਉਂ ਕੀਤੀ ਗਈ, ਇਸ ਗੱਲ ਨੂੰ ਉਹ ਸਪਸ਼ਟ ਨਾ ਕਰ ਸਕੇ ਉਨ੍ਹਾਂ ਕਹਿਣਾ ਸੀ ਕਿ ਉਹ ਰੁੱਖ ਗਲ਼ ਚੁੱਕੇ ਸੀ, ਸੜ ਚੁੱਕੇ ਸੀ, ਸੁੱਕ ਚੁੱਕੇ ਸੀ, ਤਾਰਾਂ 'ਚ ਅੜਿੱਕਾ ਬਣ ਰਹੇ ਸੀ ਆਦਿ ਜਦਕਿ ਉਹ ਰੁੱਖਾਂ ਦੀ ਕਟਾਈ ਸਬੰਧੀ ਮਤਾ ਦੇਣ 'ਚ ਵੀ ਅਸਮਰਥ ਰਹੇ, ਉਨ੍ਹਾਂ ਕਿਹਾ ਇਕ ਹਫ਼ਤੇ ਤਕ ਮਤਾ ਦੀ ਕਾਪੀ ਵੀ ਦੇ ਦਿੱਤੀ ਜਾਵੇਗੀ ਕਿਉਂਕਿ ਉਹ 10 ਸਾਲ ਪੁਰਾਣਾ ਹੈ, ਲੱਭਣਾ ਪਵੇਗਾ। ਵਾਤਾਵਰਨ ਪੇ੍ਮੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਤਹਿ ਤਕ ਜਾਣਗੇ ਤੇ ਉੱਚ ਅਧਿਕਾਰੀਆ ਤੋਂ ਜਾਂਚ ਦੀ ਮੰਗ ਕਰਦੇ ਹਨ।

-- ਤਰਤੀਬ 'ਚ ਨਹੀਂ ਲੱਗੇ ਸੀ ਸਾਰੇ ਰੁੱਖ : ਸੁਪਰਡੈਂਟ ਰਮਾਕਾਂਤ

ਇਸ ਸਬੰਧੀ ਦਫ਼ਤਰ ਦੇ ਸੁਪਰਡੈਂਟ ਰਮਾਂਕਾਂਤ ਦਾ ਕਹਿਣਾ ਹੈ ਕਿ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ, ਜੋ ਕੁਝ ਵੀ ਹੋਇਆ ਹੈ ਵਿਭਾਗ ਦੀ ਮਨਜੂਰੀ ਨਾਲ ਤੇ ਕਾਨੂੰਨ ਮੁਤਾਬਕ ਹੋਇਆ ਹੈ। ਉਨਾਂ੍ਹ ਕਿਹਾ ਕਿ ਅਸੀਂ ਵਾਤਾਵਰਨ ਪ੍ਰਰੇਮੀਆਂ ਨੂੰ ਸਬੰਧਤ ਦਸਤਾਵੇਜ਼ ਦੇ ਦਿੱਤੇ ਹਨ ਤੇ ਮਤੇ ਦੀ ਕਾਪੀ ਵੀ ਇਕ ਹਫ਼ਤੇ ਤਕ ਦੇ ਦਿਆਂਗੇ। ਉਨ੍ਹਾਂ ਕਿਹਾ ਕਿ ਇਹ ਸਾਰੇ ਰੁੱਖ ਕਿਸੇ ਤਰਤੀਬ 'ਚ ਨਹੀਂ ਲੱਗੇ ਸਨ, ਹੁਣ ਜਲਦੀ ਹੀ ਦਫ਼ਤਰ ਵੱਲੋਂ ਜਗ੍ਹਾ ਪੱਧਰੀ ਕਰਕੇ ਤਰਤੀਬ ਅਨੁਸਾਰ ਨਵੇਂ ਫ਼ਲਦਾਰ ਬੂਟੇ ਲਾ ਦਿੱਤੇ ਜਾਣਗੇ।

-- ਮਾਹਰਾਂ ਨੇ ਦਿੱਤੀ ਸੀ ਪ੍ਰਵਾਨਗੀ : ਵਣ ਰੇਂਜ ਅਫ਼ਸਰ

ਜਦੋਂ ਰੁੱਖਾਂ ਦੀ ਪ੍ਰਵਾਨਗੀ ਦੇਣ ਸਬੰਧੀ ਵਣਰੇਂਜ ਅਫ਼ਸਰ ਸਮਰਾਲਾ ਨੇ ਕਿਹਾ ਸਾਡੇ ਮਾਹਰਾਂ ਵੱਲੋਂ ਆ ਕੇ ਰੁੱਖਾਂ ਦੀ ਚੈਕਿੰਗ ਕਰਨ ਉਪਰੰਤ ਹੀ ਬੀਡੀਪੀਓ ਦਫ਼ਤਰ ਨੂੰ ਬੋਲੀ ਕਰਕੇ ਵੇਚਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਸਬੰਧੀ ਦਫ਼ਤਰ ਵੱਲੋਂ ਸਾਡੇ ਪਾਸ ਫੀਸ ਵੀ ਭਰੀ ਜਾ ਚੁੱਕੀ ਹੈ।