ਪੰਜਾਬੀ ਜਾਗਰਣ ਟੀਮ, ਸ੍ਰੀ ਮਾਛੀਵਾੜਾ ਸਾਹਿਬ : ਕੂੰਮਕਲਾਂ ਪੁਲਿਸ ਨੂੰ ਉਦੋਂ ਭਾਰੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵੱਲੋਂ ਦੁਕਾਨਾਂ 'ਚੋਂ ਸਾਮਾਨ ਚੋਰੀ ਕਰਨ ਵਾਲੇ 6 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ 24-25 ਜੁਲਾਈ ਦੀ ਰਾਤ ਨੂੰ ਕਟਾਣੀ ਕਲਾਂ 'ਚ ਸਥਿਤ ਐੱਚਆਰ ਯੂਨੀਅਨ ਸੈਲੂਨ ਐਂਡ ਅਕੈਡਮੀ ਦੀ ਦੁਕਾਨ 'ਚੋਂ ਕੁਝ ਅਣਪਛਾਤਿਆਂ ਨੇ ਸ਼ਟਰ ਤੋੜ ਕੇ ਏਸੀ, ਪੈਡੀਕਿਊਰ ਮਸ਼ੀਨ, ਝੂਮਰ, 3 ਸਟੇਟਨਰ, 4 ਵੈਕਸ ਹੀਟਰ, ਫੇਸ਼ੀਅਲ ਮਸ਼ੀਨ, ਹੇਅਰ ਸਟੀਮਰ, ਕੱਪੜੇ ਤੇ ਮੇਕਅੱਪ ਦਾ ਸਾਮਾਨ ਚੋਰੀ ਕਰ ਲਿਆ ਸੀ। ਇਸੇ ਤਰ੍ਹਾਂ ਚੰਡੀਗੜ੍ਹ ਰੋਡ 'ਤੇ ਸਥਿਤ ਦੀਪ ਕੁਲੈਕਸ਼ਨ ਦੀ ਦੁਕਾਨ 'ਚੋਂ ਚੋਰੀ ਹੋਈ। ਕੂੰਮਕਲਾਂ ਪੁਲਿਸ ਵੱਲੋਂ ਮੁਖ਼ਬਰ ਦੀ ਸੂਚਨਾ 'ਤੇ ਇਨ੍ਹਾਂ 6 ਮੁਲਜ਼ਮਾਂ ਗੁਰਵਿੰਦਰ ਸਿੰਘ ਵਾਸੀ ਕੈਲਾਸ਼ ਨਗਰ ਮੁਹੱਲਾ ਬਾਜੀਗਰ, ਹਰਪ੍ਰਰੀਤ ਸਿੰਘ, ਸੁਰਿੰਦਰ ਸਿੰਘ, ਵਿੱਕੀ ਤੇ ਅਕਾਸ਼ਦੀਪ (ਸਾਰੇ ਵਾਸੀ) ਕੋਠੇ ਬਸਤੀ ਅੱਠ ਚੱਕ ਧਾਲੀਵਾਲ ਕਲੌਨੀ ਜਗਰਾਉਂ ਤੇ ਤਰਨ ਕਪੂਰ ਵਾਸੀ ਬਾਵਾ ਕਲੌਨੀ ਵਾਸੀ ਕਾਕੋਵਾਲ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਰਾਪਤ ਕੀਤੀ ਜਿਨ੍ਹਾਂ ਤੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਇਹ ਚੋਰੀ ਦਾ ਸਾਮਾਨ ਲਿਆਉਣ ਲਈ ਜੋ ਕਾਰ ਵਰਤੀ ਗਈ ਉਹ ਵੀ ਚੋਰੀ ਦੀ ਹੈ, ਜਿਸ ਦੀ ਬਰਾਮਦਗੀ ਲਈ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।