ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਬਿਜ਼ਨੈੱਸ ਬਚਾਓ ਮੋਰਚਾ (ਬੀਬੀਐਮ) ਦੇ ਬੈਨਰ ਹੇਠ ਵੱਡੀ ਗਿਣਤੀ 'ਚ ਵਪਾਰੀ ਤੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਤਾਲਾਬੰਦੀ ਤੋਂ ਪ੍ਰਭਾਵਿਤ ਦੁਕਾਨਦਾਰਾਂ ਤੇ ਆਮ ਲੋਕਾਂ ਲਈ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ।

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਰਕਾਰ ਦੇ ਫੈਸਲੇ ਕਾਰਨ ਦੁਕਾਨਦਾਰ ਸੜਕਾਂ ‘ਤੇ ਆਉਣ ਲਈ ਮਜਬੂਰ ਹਨ। ਬਹੁਤ ਸਾਰੇ ਲੋਕ ਆਪਣੀ ਆਮਦਨ ਦਾ ਸਰੋਤ ਗੁਆ ਚੁੱਕੇ ਹਨ ਤੇ ਕਰਮਚਾਰੀਆਂ ਨੂੰ ਤਨਖਾਹਾਂ ਦੇਣਾ, ਬਿਜਲੀ ਦੇ ਬਿੱਲਾਂ, ਕਿਰਾਏ, ਕਰਜ਼ੇ ਦੀਆਂ ਕਿਸ਼ਤਾਂ ਤੇ ਸਰਕਾਰ ਨੂੰ ਟੈਕਸ ਦੇਣਾ ਅਸੰਭਵ ਹੈ। ਜੇ ਸਰਕਾਰ ਲਾਕਡਾਊਨ ਦਾ ਫੈਸਲਾ ਵਾਪਸ ਨਹੀਂ ਲੈ ਸਕਦੀ ਤਾਂ ਹਰੇਕ ਦੁਕਾਨਦਾਰ ਤੇ ਆਮ ਲੋਕਾਂ ਨੂੰ ਵਿੱਤੀ ਮਦਦ ਦਿੱਤੀ ਜਾਵੇ ਤੇ ਬਿਜਲੀ ਦੇ ਬਿੱਲਾਂ ਤੇ ਟੈਕਸਾਂ ਨੂੰ ਮੁਆਫ ਕੀਤਾ ਜਾਵੇ।

ਸੁਨੀਲ ਮਹਿਰਾ ਪ੍ਰਧਾਨ ਪੰਜਾਬ ਵਪਾਰ ਮੰਡਲ, ਬਲਵਿੰਦਰ ਸਿੰਘ ਭੁੱਲਰ, ਹਰਭਜਨ ਸਿੰਘ ਰਾਣਾ ਤੇ ਰੁਬਲ ਢੱਲ ਨੇ ਕਿਹਾ ਕਿ ਮਾਹਰਾਂ ਨੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਭਵਿੱਖਵਾਣੀ ਕੀਤੀ ਸੀ ਪਰ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ। ਸਰਕਾਰ ਬੈਡ, ਵੈਂਟੀਲੇਟਰ, ਆਕਸੀਜਨ ਸਪਲਾਈ ਦਾ ਪ੍ਰਬੰਧ ਕਰਨ 'ਚ ਅਸਫਲ ਰਹੀ। ਆਪਣੀ ਅਣਗਹਿਲੀ ਕਾਰਨ ਸਰਕਾਰ ਨੇ ਲਾਕਡਾਉਨ ਲਗਾਇਆ ਹੈ ਜਿਸ ਨਾਲ ਵਿੱਤੀ ਸੰਕਟ ਪੈਦਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲਾਕਡਾਉਨ ਕੋਈ ਹੱਲ ਨਹੀਂ ਹੈ ਤੇ ਉਹ ਆਪਣੀਆਂ ਦੁਕਾਨਾਂ ਚਲਾਉਣਗੇ ਜੇ ਸਰਕਾਰ ਫੈਸਲਾ ਵਾਪਸ ਨਹੀਂ ਲੈਂਦੀ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕਰਦੀ ਹੈ ਪਰ ਹੁਣ ਉਹ ਐਫਆਈਆਰ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਰੋਸ ਪ੍ਰਦਰਸ਼ਨ 'ਚ ਜੌਨੀ ਮਨੋਚਾ, ਰੁਪਿੰਦਰਪਾਲ ਸਿੰਘ ਰਾਜਨ, ਰਾਜੀਵ ਅਰੋੜਾ, ਜਗਜੀਤ ਸਿੰਘ, ਰਮੇਸ਼ ਮਲਹੋਤਰਾ, ਨਵੀਨ ਅਗਰਵਾਲ, ਪਰਵੀਨ ਕੁਮਾਰ, ਅਸ਼ਵਨੀ ਕੁਮਾਰ ਤੇ ਹੋਰ ਹਾਜ਼ਰ ਸਨ।

Posted By: Sarabjeet Kaur