ਰਾਜੇਸ਼ ਭੱਟ, ਲੁਧਿਆਣਾ : ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਸਾਈ ਮਿਸ਼ਨਰੀਆਂ ਜ਼ਰੀਏ ਸਿੱਖਿਆ ਦਾ ਪ੍ਰਚਾਰ ਪਸਾਰ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਇਸਾਈ ਧਰਮ ਪ੍ਰਤੀ ਆਕਰਸ਼ਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਦੋਂ ਇਸਾਈ ਮਿਸ਼ਨਰੀਆਂ ਦਾ ਵਿਸਥਾਰ ਹੋ ਰਿਹਾ ਸੀ ਤਾਂ ਉਸ ਦੌਰ ਵਿਚ ਹਿੰਦੂ ਅਤੇ ਸਿੱਖ ਧਰਮ ਦੀਆਂ ਕੁਝ ਸੰਸਥਾਵਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਵਿਦਿਅਕ ਅਦਾਰੇ ਖੋਲ੍ਹਣੇ ਸ਼ੁਰੂ ਕੀਤੇ। ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਆਰੀਆ ਸਮਾਜ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਅਤੇ ਸਵਾਮੀ ਵਿਵੇਕਾਨੰਦ ਅਤੇ ਦਯਾਨੰਦ ਸਰਸਵਤੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤਕ ਪਹੁੰਚਾਉਣਾ ਸ਼ੁਰੂ ਕੀਤਾ।

ਆਰੀਆ ਸਮਾਜ ਨੇ ਲੁਧਿਆਣਾ ਦੇ ਸਾਬਣ ਬਾਜ਼ਾਰ ਵਿਚ 1889 ਵਿਚ ਇਕ ਸਕੂਲ ਸ਼ੁਰੂ ਕੀਤਾ। ਜਿਸ ਨੂੰ ਸਾਲ 1913 ਵਿਚ ਪੁਰਾਣੀ ਸਬਜ਼ੀ ਮੰਡੀ ਵਿਚ ਸਥਾਪਤ ਕੀਤਾ ਗਿਆ। ਆਰੀਆ ਸਕੂਲ ਦੀ ਇਮਾਰਤ ਉਸ ਸਮੇਂ ਅਦਭੁੱਤ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ। ਇਹ ਇਮਾਰਤ ਅੱਜ ਵੀ ਆਪਣੀ ਅਨੂਠੀ ਨਿਰਮਾਣ ਕਲਾ ਲਈ ਪ੍ਰਸਿੱਧ ਹੈ। ਸਕੂਲ ਦੀ ਇਮਾਰਤ ਦੋ ਮੰਜ਼ਲਾਂ ਬਣਾਈ ਗਈ ਸੀ, ਜਿਸ ਵਿਚ 50 ਤੋਂ ਜ਼ਿਆਦਾ ਕਮਰੇ ਹਨ। ਸਕੂਲ ਦੇ ਫਰੰਟ ’ਤੇ ਪਿਲਰਾਂ ਅਤੇ ਬਨੇਰਿਆਂ ’ਤੇ ਸ਼ਾਨਦਾਰ ਨਕਾਸ਼ੀ ਕੀਤੀ ਗਈ ਹੈ। ਸਕੂਲ ਦੀ ਸਥਾਪਨਾ ਪ੍ਰਿੰਸੀਪਲ ਰਾਮ ਲਾਲ ਨੇ ਕੀਤੀ ਸੀ ਅਤੇ ਇਸ ਇਮਾਰਤ ਦਾ ਨਿਰਮਾਣ ਆਰੀਆ ਸਮਾਜ ਦੇ ਮਹਾਤਮਾ ਗਾਂਧੀ ਮੁਨਸ਼ੀ ਰਾਮ ਦੀ ਦੇਖਰੇਖ ਵਿਚ ਹੋਇਆ। ਇਸਾਈ ਮਿਸ਼ਨਰੀਆਂ ਦੀਆਂ ਵਿਦਿਅਕ ਸੰਸਥਾਵਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਸਨ। ਉਸੇ ਤਰਜ ’ਤੇ ਇਸ ਸਕੂਲ ਵਿਚ ਵੀ ਹਰ ਸਹੂਲਤ ਦਿੱਤੀ ਗਈ। ਬੱਚਿਆਂ ਲਈ ਉਦੋਂ ਇਥੇ ਆਡੀਟੋਰੀਅਮ ਅਤੇ ਲੈਬਾਟਰੀਆਂ ਵੀ ਬਣਾਈਆਂ ਗਈਆਂ। ਇਹੀ ਨਹੀਂ ਇਸ ਸਕੂਲ ਵਿਚ ਆਜ਼ਾਦੀ ਤੋਂ ਪਹਿਲਾਂ ਬੱਚਿਆਂ ਦੇ ਬੈਠਣ ਲਈ ਬੈਂਚ ਦਿੱਤੇ ਗਏ।

ਇਮਾਰਤ ਦੇ ਰੰਗ ਵਿਚ ਹੁਣ ਤਕ ਕੋਈ ਬਦਲਾਅ ਨਹੀਂ

ਸਕੂਲ ਉਦੋਂ ਪੌਣੇ ਦੋ ਏਕੜ ਜ਼ਮੀਨ ਵਿਚ ਬਣਾਇਆ ਗਿਆ ਸੀ। ਇਮਾਰਤ ਨੂੰ ਜ਼ਮੀਨ ਦੇ ਮੱਧ ਵਿਚ ਬਣਾਇਆ ਗਿਆ ਸੀ। ਸਕੂਲ ਦੇ ਮੁੱਖ ਗੇਟ ’ਤੇ ਓਮ ਲਿਖਿਆ ਗਿਆ ਹੈ ਜਦਕਿ ਗੇਟ ਦੇ ਇਕ ਪਾਸੇ ਸਵਾਸਤਿਕ ਵਾਚਨ ਅਤੇ ਦੂਜੇ ਪਾਸੇ ਗਾਇਤਰੀ ਮੰਤਰੀ ਲਿਖਿਆ ਗਿਆ ਹੈ ਤਾਂ ਜੋ ਵਿਦਿਆਰਥੀ ਸਕੂਲ ਪਹੁੰਚਦੇ ਹੀ ਓਮ, ਸਵਾਸਤਿਕ ਵਾਚਨ ਅਤੇ ਗਾਇਤਰੀ ਮੰਤਰ ਦਾ ਜਾਪ ਕਰ ਸਕਣ। ਇਮਾਰਤ ਦੇ ਰੰਗ ਵਿਚ ਉਦੋਂ ਤੋਂ ਲੈ ਕੇ ਹੁਣ ਤਕ ਕੋਈ ਬਦਲਾਅ ਨਹੀਂ ਕੀਤਾ ਗਿਆ। ਸਕੂਲ ਪ੍ਰਿੰਸੀਪਲ ਦੀ ਮੰਨੀਏ ਤਾਂ ਨਿਰਮਾਣ ਤੋਂ ਲੈ ਕੇ ਹੁਣ ਤਕ ਇਸ ਇਮਾਰਤ ਨੂੰ ਰਿਪੇਅਰ ਕਰਨ ਦੀ ਲੋੜ ਨਹੀਂ ਪਈ। ਉਨ੍ਹਾਂ ਦੱਸਿਆ ਕਿ ਕਮਰਿਆਂ ਦੀ ਉਚਾਈ 20 ਫੁੱਟ ਤਕ ਰੱਖੀ ਗਈ ਸੀ। ਇਹ ਸਕੂਲ ਦੇਸ਼ ਨੂੰ ਉਪਰਾਸ਼ਟਰਪਤੀ ਜੀਐਸ ਪਾਠਕ, ਥਲ ਸੈਨਾ ਮੁਖੀ ਟੀਐਨ ਰੈਨਾ ਵਰਗੀਆਂ ਸਖ਼ਸ਼ੀਅਤਾਂ ਦੇ ਚੁੱਕਾ ਹੈ। ਸਥਾਪਨਾ ਤੋਂ ਲੈ ਕੇ ਹੁਣ ਤਕ ਹਜ਼ਾਰਾਂ ਵਿਦਿਆਰਥੀਆਂ ਨੂੰ ਇਹ ਸਕੂਲ ਸਿੱਖਿਆ ਦੇ ਚੁੱਕਾ ਹੈ।

Posted By: Tejinder Thind