ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਦੜਾ ਸੱਟਾ ਲਗਾ ਰਹੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਦੁੱਗਰੀ ਦੇ ਵਾਸੀ ਹਰਸਿਮਰ ਸਿੰਘ, ਸ਼ਿਵਮ ਬਾਂਸਲ, ਮਹਿਮੂਦਪੁਰਾ ਦੇ ਰਹਿਣ ਵਾਲੇ ਸੰਜੀਵ ਕੁਮਾਰ ,ਸੁਨੀਲ ਕੁਮਾਰ, ਕਿਲ੍ਹਾ ਮੁਹੱਲਾ ਦੇ ਵਾਸੀ ਮਨੀ ਕੁਮਾਰ, ਹਰਬੰਸਪੁਰਾ ਦੇ ਰਹਿਣ ਵਾਲੇ ਕ੍ਰਿਸ਼ਨ ਲਾਲ, ਦਰੇਸੀ ਦੇ ਵਾਸੀ ਸਾਈਨ, ਮਾਧੋਪੁਰੀ ਦੇ ਵਿਸ਼ਾਲ , ਢੋਕਾ ਮੁਹੱਲਾ ਦੇ ਵਾਸੀ ਗੁਰਜੋਤ ਸਿੰਘ, ਕਿਲ੍ਹਾ ਮੁਹੱਲਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਅਤੇ ਜਨਕਪੁਰੀ ਦੇ ਵਾਸੀ ਮੁਕੇਸ਼ ਕੁਮਾਰ ਵਜੋਂ ਹੋਈ ਹੈ ।

ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਦੋ ਦੇ ਏਐੱਸਆਈ ਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਿਵਲ ਹਸਪਤਾਲ ਟੀ ਪੁਆਇੰਟ ਦੇ ਕੋਲ ਗਸ਼ਤ ਕਰ ਰਹੀ ਸੀ । ਇਸੇ ਦੌਰਾਨ ਜਾਣਕਾਰੀ ਮਿਲੀ ਕਿ ਮੁਲਜ਼ਮ ਪੁੱਡਾ ਗਰਾਊਂਡ ਦੇ ਕੋਲ ਐਚਡੀਐਫਸੀ ਬੈਂਕ ਦੇ ਲਾਗੇ ਹਮ ਮਸ਼ਵਰਾ ਹੋ ਕੇ ਦੜਾ ਸੱਟਾ ਲਗਾ ਰਹੇ ਹਨ । ਸੂਚਨਾ ਤੋਂ ਬਾਅਦ ਛਾਪਾਮਾਰੀ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 92 ਹਜ਼ਾਰ 220 ਰੁਪਏ ਦੀ ਨਕਦੀ ਬਰਾਮਦ ਕੀਤੀ । ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।

Posted By: Tejinder Thind