ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਪੁਲਿਸ ਨੇ ਸੀਆਰਪੀਐਫ ਕਲੋਨੀ ਦੁੱਗਰੀ ਅਤੇ ਚੂਨਾ ਭੱਠਾ ਮਿੰਨੀ ਮਾਰਕੀਟ ਵਿੱਚ ਦਬਿਸ਼ ਦੇ ਕੇ ਥ੍ਰੀ ਵੀਲਰਾਂ ਅਤੇ ਛੋਟੇ ਸਿਲੰਡਰਾਂ ਵਿੱਚ ਗੈਰਕਾਨੂੰਨੀ ਢੰਗ ਨਾਲ ਘਰੇਲੂ ਗੈਸ ਭਰ ਰਹੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੀਆਰਪੀਐਫ ਕਲੋਨੀ ਦੇ ਵਾਸੀ ਕਮਲਜੀਤ ਸਿੰਘ , ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਸੰਨੀ ਅਟਵਾਲ ਅਤੇ ਗੁਰਮੀਤ ਨਗਰ ਦੇ ਵਾਸੀ ਸੁਸ਼ੀਲ ਕੁਮਾਰ ਵਜੋਂ ਹੋਈ ਹੈ ।

ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਐਸਐਚਓ ਸੁਖਦੇਵ ਰਾਜ ਨੇ ਦੱਸਿਆ ਕਿ ਕਮਲਜੀਤ ਅਤੇ ਸੰਨੀ ਸੀਆਰਪੀਐਫ ਕਲੋਨੀ ਵਿੱਚ ਪੈਂਦੇ ਕਮਲਜੀਤ ਦੇ ਘਰ ਵਿੱਚ ਵੱਡੇ ਘਰੇਲੂ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਦੇ ਹਨ। ਮੁਲਜ਼ਮ ਇਸੇ ਜਗ੍ਹਾ ਤੇ ਥ੍ਰੀ ਵ੍ਹੀਲਰਾਂ ਵਿਚ ਵੀ ਘਰੇਲੂ ਗੈਸ ਭਰਦੇ ਹਨ । ਅਜਿਹਾ ਕਰਕੇ ਮੁਲਜ਼ਮ ਜਿੱਥੇ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕਰ ਰਹੇ ਹਨ ਉਥੇ ਪੂਰੇ ਇਲਾਕੇ ਵਿਚ ਅਣਸੁਖਾਵੀਂ ਘਟਨਾ ਵਾਪਰਨ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ । ਸੂਚਨਾ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਿਸ ਨੇ ਛਾਪਾਮਾਰੀ ਕਰ ਕੇ ਮੁਲਜ਼ਮ ਕਮਲਜੀਤ ਸਿੰਘ ਅਤੇ ਸੰਨੀ ਅਟਵਾਲ ਨੂੰ ਗ੍ਰਿਫ਼ਤਾਰ ਕੀਤਾ ।

ਪੁਲੀਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਇਕ ਥ੍ਰੀਵੀਲਰ ,ਇਕ ਗੈਸ ਸਿਲੰਡਰ ਅਤੇ ਇੱਕ ਮੋਟਰ ਪੰਪ ਮਸ਼ੀਨ ਬਰਾਮਦ ਕੀਤੀ । ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਚੂਨਾ ਭੱਠਾ ਮਿੰਨੀ ਮਾਰਕੀਟ ਵਿੱਚ ਛਾਪਾਮਾਰੀ ਕੀਤੀ । ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਐੱਲਪੀਜੀ ਦੇ ਤਿੰਨ ਸਿਲੰਡਰ ਅਤੇ ਪਾਈਪਾਂ ਬਰਾਮਦ ਕੀਤੀਆਂ । ਇਸ ਮਾਮਲੇ ਵਿਚ ਪੁਲਿਸ ਨੇ ਗੁਰਮੀਤ ਨਗਰ ਦੇ ਵਾਸੀ ਸੁਸ਼ੀਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਇਨ੍ਹਾਂ ਦੋਵਾਂ ਮਾਮਲਿਆਂ ਵਿਚ ਥਾਣਾ ਦੁੱਗਰੀ ਅਤੇ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮੁਕੱਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।

Posted By: Jaswinder Duhra