ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਦਾਜ ਦੀ ਮੰਗ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹੋਈ ਵਿਆਹੁਤਾ ਨੇ ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਮੌਤ ਨੂੰ ਗਲੇ ਲਗਾ ਲਿਆ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮ੍ਰਿਤਕਾ ਏਕਤਾ (24) ਦੀ ਮਾਤਾ ਗੁੜਗਾਉਂ ਦੀ ਰਹਿਣ ਵਾਲੀ ਅਨੂੰ ਦੇ ਬਿਆਨਾਂ ਦੇ ਆਧਾਰ 'ਤੇ ਗੁਰਪਾਲ ਨਗਰ ਲੁਧਿਆਣਾ ਦੇ ਵਾਸੀ ਲਕਸ਼ੈ, ਉਸ ਦੀ ਮਾਤਾ ਪੂਨਮ ਤੇ ਮਨੀ ਦੇ ਖ਼ਿਲਾਫ਼ ਦਾਜ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਨੂ ਨੇ ਦਸਿਆ ਕੇ ਉਨ੍ਹਾਂ ਨੇ ਆਪਣੀ ਬੇਟੀ ਏਕਤਾ ਦਾ ਵਿਆਹ 2 ਜੁਲਾਈ ਨੂੰ ਗੁਰਪਾਲ ਨਗਰ ਦੇ ਰਹਿਣ ਵਾਲੇ ਲਕਸ਼ੈ ਨਾਲ ਕੀਤਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਮੁਲਜ਼ਮ ਲਕਸ਼ੈ, ਉਸ ਦੀ ਮਾਤਾ ਪੂਨਮ ਤੇ ਰਿਸ਼ਤੇਦਾਰ ਪੈਸੇ ਤੇ ਦਾਜ ਲਿਆਉਣ ਲਈ ਏਕਤਾ ਨੂੰ ਤੰਗ ਪਰੇਸ਼ਆਨ ਕਰਨ ਲੱਗ ਗਏ। ਢਾਈ ਮਹੀਨਿਆਂ ਦੇ ਮਾਨਸਿਕ ਤੇ ਸਰੀਰਕ ਤਸੀਹਿਆਂ ਤੋਂ ਲੜਕੀ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਸ਼ਾਮ ਛੇ ਵਜੇ ਆਪਣੇ ਸਹੁਰਿਆਂ ਦੇ ਘਰ 'ਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ 'ਚ ਜਾਂਚ ਅਧਿਕਾਰੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਦਾਜ ਹੱਤਿਆ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਿਆਹੁਤਾ ਦੀ ਲਾਸ਼ ਮਾਪਿਆਂ ਹਵਾਲੇ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਤਿੰਨਾਂ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Posted By: Rajnish Kaur