Ludhiana News : ਜਣੇਪੇ ਮਗਰੋਂ ਮਾਂ ਦੀ ਮੌਤ, ਪਿਤਾ ਨੇ ਬੱਚਾ ਅਗਵਾ ਕਰਨ ਦੀ ਕੀਤੀ ਕੋਸ਼ਿਸ਼
ਮੁਹੱਲਾ ਹੀਰਾ ਨਗਰ ਕਾਕੋਵਾਲ ਰੋਡ ਦੀ ਰਹਿਣ ਵਾਲੀ ਆਰਤੀ ਮੁਤਾਬਕ ਉਸ ਦੀ ਲੜਕੀ ਕੋਮਲ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਜਿਲਾ ਤਰਨਤਾਰਨ ਦੇ ਪਿੰਡ ਭਿੱਖੀਵੰਡ ਵਾਸੀ ਸੰਦੀਪ ਸਿੰਘ ਨਾਲ ਹੋਇਆ ਸੀ। ਵਿਆਹ ਮਗਰੋ ਉਸ ਦੀ ਬੇਟੀ ਕੋਮਲ ਨੇ ਇੱਕ ਲੜਕੇ ਨੂੰ ਜਨਮ ਦਿੱਤਾ, ਪਰ ਜਣੇਪੇ ਤੋਂ ਚਾਰ ਦਿਨ ਬਾਅਦ ਹੀ ਕੋਮਲ ਦੀ ਹਸਪਤਾਲ ਜੇਰੇ ਇਲਾਜ ਮੌਤ ਹੋ ਗਈ।
Publish Date: Sun, 24 May 2026 08:39 PM (IST)
Updated Date: Sun, 24 May 2026 08:42 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਗਰਭਵਤੀ ਔਰਤ ਦੀ ਬੱਚੇ ਦੇ ਜਨਮ ਮਗਰੋਂ ਮੌਤ ਹੋਈ ਤਾਂ ਨਾਨੀ ਦੇ ਘਰ ਰਹਿ ਰਹੇ ਨਵਜਾਤ ਬੱਚੇ ਨੂੰ ਉਸ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਬਰੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਮੁਹੱਲਾ ਹੀਰਾ ਨਗਰ ਕਾਕੋਵਾਲ ਰੋਡ ਦੀ ਰਹਿਣ ਵਾਲੀ ਆਰਤੀ ਦੇ ਬਿਆਨ ਉੱਪਰ ਮੁਲਜ਼ਮ ਸੰਦੀਪ ਸਿੰਘ ਉਸ ਦੇ ਭਰਾ ਸਤਨਾਮ ਸਿੰਘ, ਮਾਂ ਰਾਣੀ, ਪਿਤਾ ਅਨਵਰ ਵਾਸੀ ਭਿੱਖੀਵਿੰਡ ਸਮੇਤ ਕਰੀਬ ਦੋ ਦਰਜਨ ਅਣਪਛਾਤੇ ਵਿਅਕਤੀਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ।
ਮੁਹੱਲਾ ਹੀਰਾ ਨਗਰ ਕਾਕੋਵਾਲ ਰੋਡ ਦੀ ਰਹਿਣ ਵਾਲੀ ਆਰਤੀ ਮੁਤਾਬਕ ਉਸ ਦੀ ਲੜਕੀ ਕੋਮਲ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਜਿਲਾ ਤਰਨਤਾਰਨ ਦੇ ਪਿੰਡ ਭਿੱਖੀਵੰਡ ਵਾਸੀ ਸੰਦੀਪ ਸਿੰਘ ਨਾਲ ਹੋਇਆ ਸੀ। ਵਿਆਹ ਮਗਰੋ ਉਸ ਦੀ ਬੇਟੀ ਕੋਮਲ ਨੇ ਇੱਕ ਲੜਕੇ ਨੂੰ ਜਨਮ ਦਿੱਤਾ, ਪਰ ਜਣੇਪੇ ਤੋਂ ਚਾਰ ਦਿਨ ਬਾਅਦ ਹੀ ਕੋਮਲ ਦੀ ਹਸਪਤਾਲ ਜੇਰੇ ਇਲਾਜ ਮੌਤ ਹੋ ਗਈ। ਧੀ ਦੀ ਮੌਤ ਮਗਰੋਂ ਉਹ ਆਪਣੇ ਦੋਹਤੇ ਨੂੰ ਆਪਣੇ ਘਰ ਕਾਕੋਵਾਲ ਰੋਡ ਲੈ ਆਈ।
ਸ਼ਿਕਾਇਤ ਕਰਤਾ ਮੁਤਾਬਕ 17 ਮਈ ਨੂੰ ਉਹ ਆਪਣੇ ਦੋਹਤੇ ਸਮੇਤ ਆਪਣੇ ਘਰ ਵਿੱਚ ਮੌਜੂਦ ਸੀ, ਇਸ ਦੌਰਾਨ ਉਸ ਦਾ ਜਵਾਈ ਸੰਦੀਪ ਸਿੰਘ, ਸੰਦੀਪ ਦਾ ਭਰਾ ਸਤਨਾਮ, ਮਾਂ ਰਾਣੀ, ਪਿਓ ਅਨਵਰ ਸਮੇਤ ਕਰੀਬ ਦੋ ਦਰਜਨ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਘਰ ਜਬਰੀ ਆ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੋਹਤੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾਂ ਨੇ ਰੌਲਾ ਪਾ ਕੇ ਆਢ ਗਵਾਢ ਸੱਦ ਲਿਆ, ਜਿਸ ਕਾਰਨ ਮੁਲਜ਼ਮ ਬੱਚੇ ਨੂੰ ਅਗਵਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਬਸਤੀ ਯੋਧੇਵਾਲ ਪੁਲਿਸ ਕੋਲ ਦਰਜ ਕਰਵਾ ਦਿੱਤੀ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਲਕਾਰ ਸਿੰਘ ਮੁਤਾਬਕ ਦੋ ਦਰਜਨ ਤੋਂ ਵੱਧ ਮੁਲਜ਼ਮਾਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।